ਨਿਰਭਿਆ ਕੇਸ : ਫਾਂਸੀ ਦੀ ਲੱਗੀ ਭਿਣਕ ਤਾਂ ਦੋਸ਼ੀਆਂ ਦੀ ਉੱਡੀ ਨੀਂਦ, ਖਾਣਾ-ਪੀਣਾ ਭੁੱਲੇ

12/12/2019 11:42:00 AM

ਨਵੀਂ ਦਿੱਲੀ— 16 ਦਸੰਬਰ 2012 ਨੂੰ ਦਿੱਲੀ ਦੇ ਨਿਰਭਿਆ ਗੈਂਗਰੇਪ ਕੇਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਨਿਰਭਿਆ ਦੇ ਚਾਰੋਂ ਦੋਸ਼ੀ ਤਿਹਾੜ ਜੇਲ 'ਚ ਬੰਦ ਹਨ। ਦੋਸ਼ੀਆਂ ਨੂੰ ਫਾਂਸੀ ਦੇਣ ਵਾਲੀ ਦਇਆ ਪਟੀਸ਼ਨ 'ਤੇ ਅਜੇ ਤਕ ਰਾਸ਼ਟਰਪਤੀ ਵਲੋਂ ਕੋਈ ਆਖਰੀ ਫੈਸਲਾ ਨਹੀਂ ਆਇਆ ਹੈ ਪਰ ਇਸ ਤੋਂ ਪਹਿਲਾਂ ਤਿਹਾੜ ਜੇਲ ਵਿਚ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਰੀਬ 8 ਸਾਲ ਬਾਅਦ ਦੇਸ਼ ਦੀ ਧੀ ਨਿਰਭਿਆ ਨੂੰ ਇਨਸਾਫ ਮਿਲੇਗਾ। ਨਿਰਭਿਆ ਦੇ ਚਾਰੋਂ ਦੋਸ਼ੀ ਹੌਲੀ-ਹੌਲੀ ਸ਼ਾਂਤ ਰਹਿਣ ਲੱਗ ਪਏ ਹਨ। ਚਾਰੋਂ ਦੋਸ਼ੀਆਂ ਦੀ ਨੀਂਦ ਉੱਡ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ 16 ਜਾਂ ਫਿਰ 29 ਦਸੰਬਰ (ਨਿਰਭਿਆ ਦੀ ਮੌਤ ਹੋਈ ਸੀ ਉਸ ਦਿਨ) ਨੂੰ ਫਾਂਸੀ 'ਤੇ ਲਟਕਾਇਆ ਜਾ ਸਕਦਾ ਹੈ।

ਜਦੋਂ ਤੋਂ ਦੋਸ਼ੀਆਂ ਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਫਾਂਸੀ ਦਿੱਤੀ ਜਾਣ ਵਾਲੀ ਹੈ, ਤਾਂ ਉਹ ਤਣਾਅ ਵਿਚ ਹਨ। ਤਿਹਾੜ ਜੇਲ ਪ੍ਰਸ਼ਾਸਨ ਦੀ ਤਿਆਰੀ ਤੋਂ ਚਾਰੋਂ ਦੋਸ਼ੀਆਂ ਦੇ ਚਿਹਰੇ 'ਤੇ ਖੌਫ ਸਾਫ ਦੇਖਿਆ ਜਾ ਰਿਹਾ ਹੈ। ਚਾਰੋਂ ਦੋਸ਼ੀ ਅਕਸ਼ੈ, ਮੁਕੇਸ਼, ਪਵਨ ਅਤੇ ਵਿਨੇ ਨੂੰ ਪਹਿਲਾਂ ਦੇ ਮੁਕਾਬਲੇ ਹੁਣ ਭੁੱਖ ਵੀ ਘੱਟ ਲੱਗ ਰਹੀ ਹੈ। ਬੀਤੇ 5 ਦਿਨਾਂ ਤੋਂ ਕੈਦੀਆਂ ਦੇ ਵਜ਼ਨ 'ਚ ਵੀ ਕਮੀ ਦਰਜ ਕੀਤੀ ਗਈ ਹੈ। ਚਾਰੋਂ ਕੈਦੀਆਂ ਦੀ ਦਿਨ 'ਚ ਦੋ ਵਾਰ ਡਾਕਟਰੀ ਜਾਂਚ ਹੋ ਰਹੀ ਹੈ।

ਪਿਛਲੇ 15 ਤੋਂ 20 ਦਿਨਾਂ 'ਚ ਦੋਸ਼ੀ ਵਿਨੇ ਦੀ ਹਾਲਤ ਕੁਝ ਖਰਾਬ ਹੋਈ ਹੈ। ਉਸ ਨੇ ਕੈਦੀਆਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਹੈ। ਵਿਨੇ ਹੀ ਇਕਮਾਤਰ ਕੈਦੀ ਹੈ, ਜਿਸ ਨੇ ਰਾਸ਼ਟਰਪਤੀ ਨੂੰ ਦਇਆ ਪਟੀਸ਼ਨ ਭੇਜੀ ਹੈ। ਹਾਲਾਂਕਿ ਬਾਅਦ ਵਿਚ ਉਸ ਨੇ ਪਟੀਸ਼ਨ ਵਾਪਸ ਲੈਣ ਦੀ ਅਰਜ਼ੀ ਦੇ ਦਿੱਤੀ ਸੀ। ਕੁੱਲ ਮਿਲਾ ਕੇ ਸਾਰੇ ਦੋਸ਼ੀਆਂ ਦੀ ਟੈਂਸ਼ਨ ਵਧ ਗਈ ਹੈ। ਪਿਛਲੇ 5 ਦਿਨਾਂ ਤੋਂ ਤਿਹਾੜ ਜੇਲ 'ਚ ਇਹ ਸਾਰੇ ਦੋਸ਼ੀਆਂ ਆਪਣੇ-ਆਪਣੇ ਵਾਰਡ 'ਚ ਹੀ ਹਨ। ਹਮਲੇ ਦੀ ਸ਼ੰਕਾ ਦੇ ਚੱਲਦੇ ਚਾਰੋਂ ਦੋਸ਼ੀ ਕੈਦੀਆਂ ਦੀ ਨਿਗਰਾਨੀ ਲਈ ਦੋ-ਦੋ ਜਵਾਨ ਤਾਇਨਾਤ ਰਹਿੰਦੇ ਹਨ।

Tanu

This news is Content Editor Tanu