ਨੀਰਵ ਮੋਦੀ ਦੀ ਧਮਕੀ, ''ਜੇ ਕੀਤਾ ਭਾਰਤ ਹਵਾਲੇ ਤਾਂ ਕਰ ਲਵਾਂਗਾ ਖੁਦਕੁਸ਼ੀ''

11/07/2019 8:00:11 PM

ਲੰਡਨ - ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਅਤੇ ਭਗੋੜਾ ਐਲਾਨ ਹੋ ਚੁੱਕੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਇਕ ਵਾਰ ਫਿਰ ਯੂ. ਕੇ. ਦੀ ਅਦਾਲਤ 'ਚ ਖਾਰਿਜ ਕਰ ਦਿੱਤੀ ਗਈ ਹੈ। ਕੋਰਟ 'ਚ ਸੁਣਵਾਈ ਦੌਰਾਨ ਨੀਰਵ ਮੋਦੀ ਨੇ ਇਕ ਵਾਰ ਫਿਰ ਆਪਣਾ ਆਪ ਖੋਹ ਦਿੱਤਾ। ਉਸ ਨੇ ਧਮਕੀ ਭਰੇ ਲਿਹਾਜ਼ 'ਚ ਆਖਿਆ ਕਿ ਜੇਕਰ ਉਸ ਨੂੰ ਭਾਰਤ ਹਵਾਲੇ ਕੀਤਾ ਗਿਆ ਤਾਂ ਉਹ ਆਤਮ-ਹੱਤਿਆ ਕਰ ਲਵੇਗਾ। ਨੀਰਵ ਮੋਦੀ ਨੇ ਦੱਸਿਆ ਕਿ ਉਸ ਨੂੰ ਜੇਲ 'ਚ 3 ਵਾਰ ਕੁੱਟਿਆ ਗਿਆ ਹੈ। ਹਾਲਾਂਕਿ ਉਸ ਦੀਆਂ ਦਲੀਲਾਂ ਦਾ ਕੋਰਟ 'ਚ ਕੋਈ ਅਸਰ ਦੇਖਣ ਨੂੰ ਨਾ ਮਿਲਿਆ ਅਤੇ ਉਸ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ।

ਨੀਰਵ ਮੋਦੀ ਨੂੰ ਬੁੱਧਵਾਰ ਨੂੰ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਕੋਰਟ 'ਚ ਉਹ ਆਪਣੇ ਵਕੀਲ ਹੁਗੋ ਕੀਥ ਕਿਊਸੀ ਦੇ ਨਾਲ ਆਇਆ ਸੀ। ਜ਼ਮਾਨਤ ਦੀ 5ਵੀਂ ਵਾਰ ਅਪੀਲ ਕਰਦੇ ਹੋਏ ਨੀਰਵ ਮੋਦੀ ਨੇ ਕੋਰਟ ਨੂੰ ਆਪਣੀਆਂ ਗੱਲਾਂ ਨਾਲ ਕਈ ਵਾਰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਨੀਰਵ ਦੇ ਵਕੀਲ ਨੇ ਦਾਅਵਾ ਕੀਤਾ ਕਿ ਵੇਂਡਸਵਰਥ ਜੇਲ 'ਚ 2 ਵਾਰ ਕੁੱਟਿਆ ਗਿਆ। ਕੀਥ ਨੇ ਦਾਅਵਾ ਕੀਤਾ ਗਿਆ ਕਿ ਹਾਲ ਹੀ 'ਚ ਨੀਰਵ ਦੀ ਕੁੱਟਮਾਰ ਕੀਤੀ ਗਈ ਹੈ। ਨੀਰਵ ਦੇ ਵਕੀਲ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਜੇਲ 'ਚ ਬੰਦ 2 ਕੈਦੀ ਉਸ ਦੇ ਸੈੱਲ 'ਚ ਆਏ ਅਤੇ ਉਨ੍ਹਾਂ ਨੇ ਨੀਰਵ ਨੂੰ ਮੁੱਕੇ ਮਾਰੇ ਅਤੇ ਜ਼ਮੀਨ 'ਤੇ ਸੁੱਟ ਕੇ ਕਾਫੀ ਕੁੱਟਮਾਰ ਕੀਤੀ। ਇਹ ਹਮਲਾ ਨੀਰਵ ਮੋਦੀ ਨੂੰ ਹੀ ਖਾਸ ਤੌਰ 'ਤੇ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ ਸੀ।

ਕੀਥ ਨੇ ਡਾਕਟਰ ਦੀ ਨੀਰਵ ਦੇ ਡਿਪ੍ਰੈਸ਼ਨ ਦੀ ਕਾਂਫੀਡੇਂਸ਼ਲ ਰਿਪੋਰਟ ਦੇ ਲੀਕ ਹਿੱਸੇ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀਆਂ। ਉਨ੍ਹਾਂ ਆਖਿਆ ਕਿ ਜੇਲ ਦੇ ਅਧਿਕਾਰੀਆਂ ਨੇ ਇਸ ਮਾਮਲੇ 'ਚ ਕੁਝ ਵੀ ਨਹੀਂ ਕੀਤਾ। ਇਸ ਤੋਂ ਬਾਅਦ ਨੀਰਵ ਮੋਦੀ ਨੇ ਆਪਣੀ ਗੱਲ ਕੋਰਟ 'ਚ ਰੱਖਦੇ ਹੋਏ ਆਖਿਆ ਕਿ ਜੇਕਰ ਉਸ ਨੂੰ ਭਾਰਤ ਭੇਜੇ ਜਾਣ ਦਾ ਫੈਸਲਾ ਦਿੱਤਾ ਗਿਆ ਤਾਂ ਉਹ ਖੁਦ ਨੂੰ ਖਤਮ ਕਰ ਲਵੇਗਾ। ਨੀਰਵ ਨੇ ਆਖਿਆ ਕਿ ਉਸ ਨੂੰ ਭਾਰਤ 'ਚ ਨਿਰਪੱਖ ਟ੍ਰਾਇਲ ਦੀ ਉਮੀਦ ਨਹੀਂ ਹੈ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਨੂੰ 19 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਦੱਖਣ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ 'ਚ ਕੈਦ ਹੈ। ਭਾਰਤ ਸਰਕਾਰ ਦੀ ਅਪੀਲ 'ਤੇ ਸਕਾਟਲੈਂਡ ਯਾਰਡ (ਲੰਡਨ ਪੁਲਸ) ਦੇ ਹਵਾਲਗੀ ਵਾਰੰਟ ਦੀ ਤਾਮੀਲ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਸੀ।

Khushdeep Jassi

This news is Content Editor Khushdeep Jassi