NIA ਨੇ ਜੰਮੂ-ਕਸ਼ਮੀਰ ''ਚ ਛਾਪੇਮਾਰੀ ਕਰ ਅੱਤਵਾਦੀਆਂ ਦੇ ਚਾਰ ਸਾਥੀਆਂ ਨੂੰ ਕੀਤਾ ਗ੍ਰਿਫਤਾਰ

10/20/2021 11:34:14 PM

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿੱਚ ਕਈ ਸਥਾਨਾਂ 'ਤੇ ਤਲਾਸ਼ੀ ਲਈ ਅਤੇ ਅੱਤਵਾਦ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਅੱਤਵਾਦੀਆਂ ਦੇ ਚਾਰ ਕਥਿਤ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਜਾਂਚ ਏਜੰਸੀ ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ, ਪੁਲਵਾਮਾ, ਕੁਲਗਾਮ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ 11 ਸਥਾਨਾਂ 'ਤੇ ਤਲਾਸ਼ੀ ਲਈ।

ਇਹ ਵੀ ਪੜ੍ਹੋ - ਦਿਵਾਲੀ ਤੋਂ ਪਹਿਲਾਂ ਅਹਿਮਦਾਬਾਦ 'ਚ ਅੱਤਵਾਦੀ ਹਮਲੇ ਦਾ ਅਲਰਟ

ਕੁਲਗਾਮ ਤੋਂ ਸੁਹੈਲ ਅਹਿਮਦ ਥੋਕਰ, ਸ਼੍ਰੀਨਗਰ ਤੋਂ ਕਾਮਰਾਨ ਅਸ਼ਰਫ ਰੇਸ਼ੀ, ਰਇਦ ਬਸ਼ੀਰ ਅਤੇ ਹਨਾਨ ਗੁਲਜ਼ਾਰ ਡਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਨ.ਆਈ.ਏ. ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਲਸ਼ਕਰ-ਏ-ਤਇਬਾ (ਐੱਲ.ਈ.ਟੀ.), ਜੈਸ਼-ਏ-ਮੁਹੰਮਦ (ਜੇ.ਈ.ਐੱਮ.), ਹਿਜ਼ਬ-ਉਲ-ਮੁਜਾਹਿਦੀਨ (ਐੱਚ.ਐੱਮ.) ਅਤੇ ਅਲ ਬਦਰ ਸਮੇਤ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਅਤੇ ਦਿ ਰੈਜ਼ਿਸਟੈਂਸ ਫਰੰਟ (ਟੀ.ਆਰ.ਐੱਫ.) ਅਤੇ ਪੀਪਲਜ਼ ਰਿਪਬਲਿਕ ਆਫ਼ ਇੰਡੀਆ (ਪੀ.ਏ.ਐੱਫ.ਐੱਫ.) ਵਰਗੇ ਉਨ੍ਹਾਂ ਦੇ ਸਾਥੀ ਸੰਗਠਨਾਂ ਦੇ ਕੈਡਰਾਂ ਦੁਆਰਾ ਜੰਮੂ-ਕਸ਼ਮੀਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹਿੰਸਕ ਅੱਤਵਾਦੀ ਕੰਮਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨਾਲ ਸਬੰਧਿਤ ਹੈ। ਐੱਨ.ਆਈ.ਏ. ਨੇ 10 ਅਕਤੂਬਰ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਹੁਣ ਤੱਕ 9 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ - ਸੁਰੱਖਿਆ ਬਲਾਂ ਨੇ ਕੁਲਗਾਮ 'ਚ 2 ਅੱਤਵਾਦੀਆਂ ਨੂੰ ਕੀਤਾ ਢੇਰ

ਅਧਿਕਾਰੀ ਨੇ ਕਿਹਾ ਕਿ ਤਲਾਸ਼ੀ ਵਿੱਚ ਇਲੈਕਟ੍ਰਾਨਿਕ ਸਮੱਗਰੀ ਦੀ ਬਰਾਮਦਗੀ ਅਤੇ ਜ਼ਬਤੀ ਹੋਈ ਹੈ। ਜੇਹਾਦੀ ਦਸਤਾਵੇਜ਼ਾਂ/ ਪੋਸਟਰਾਂ ਤੋਂ ਇਲਾਵਾ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ। ਐੱਨ.ਆਈ.ਏ. ਅਧਿਕਾਰੀ ਨੇ ਕਿਹਾ ਕਿ ਚਾਰਾਂ ਦੋਸ਼ੀ ਵੱਖ-ਵੱਖ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ ਸਾਥੀ/ਓ.ਜੀ.ਡਬਲਿਊ. (ਓਵਰ ਗ੍ਰਾਉਂਡ ਵਰਕਰ)  ਹਨ ਅਤੇ ਅੱਤਵਾਦੀਆਂ ਨੂੰ ਲੌਜਿਸਟਿਕਲ ਅਤੇ ਸਮਗਰੀ ਸਹਾਇਤਾ ਪ੍ਰਦਾਨ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati