ਅੰਬਾਨੀ ਦੇ ਘਰ ਵਿਸਫ਼ੋਟਕ ਕਾਰ ਮਾਮਲਾ : 25 ਮਾਰਚ ਤੱਕ NIA ਹਿਰਾਸਤ ''ਚ ਭੇਜੇ ਗਏ ਸਚਿਨ ਵਾਜੇ

03/14/2021 5:37:00 PM

ਨਵੀਂ ਦਿੱਲੀ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਵਿਸਫ਼ੋਟਕ ਭਰੀ ਕਾਰ ਮਿਲਣ ਦੀ ਜਾਂਚ ਦੇ ਸਿਲਸਿਲੇ 'ਚ ਪੁਲਸ ਅਧਿਕਾਰੀ ਸਚਿਨ ਵਾਜੇ ਨੂੰ ਐਤਵਾਰ ਨੂੰ ਇੱਥੇ ਇਕ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਵਾਜੇ ਨੂੰ 25 ਮਾਰ ਤੱਕ ਲਈ ਐੱਨ.ਆਈ.ਏ. ਦੀ ਹਿਰਾਸਤ 'ਚ ਭੇਜਣ ਦਾ ਫ਼ੈਸਲਾ ਸੁਣਾਇਆ। ਇਕ ਅਧਿਕਾਰੀ ਨੇ ਕਿਹਾ ਕਿ ਵਾਜੇ ਨੂੰ ਸਥਾਨਕ ਹਸਪਤਾਲ 'ਚ ਸਿਹਤ ਜਾਂਚ ਕਰਵਾਉਣ ਤੋਂ ਬਾਅਦ ਦੱਖਣੀ ਮੁੰਬਈ 'ਚ ਸਥਿਤ ਇਕ ਅਦਾਲਤ ਲਿਆਂਦਾ ਗਿਆ ਸੀ। ਐੱਨ.ਆਈ.ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਏਜੰਸੀ ਨੇ 25 ਫਰਵਰੀ ਨੂੰ ਅਰਬਪਤੀ ਮੁਕੇਸ਼ ਅੰਬਾਨੀ ਦੇ ਘਰ 'ਐਂਟੀਲੀਆ' ਦੇ ਬਾਹਰ ਵਿਸਫ਼ੋਟਕ ਨਾਲ ਭਰੀ ਕਾਰ ਖੜ੍ਹੀ ਕਰਨ 'ਚ ਸ਼ਮੂਲੀਅਤ ਲਈ ਸ਼ਨੀਵਾਰ ਰਾਤ ਵਾਜੇ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਬਾਹਰੋਂ ਕਾਰ 'ਚੋਂ ਵਿਸਫੋਟਕ ਮਿਲਣ ਦਾ ਰਹੱਸ ਹੋਇਆ ਡੂੰਘਾ, ਪੁਲਸ ਅਧਿਕਾਰੀ ਕੀਤਾ ਗ੍ਰਿਫਤਾਰ

ਦੱਖਣੀ ਮੁੰਬਈ ਦੇ ਕੰਬਾਲਾ ਹਿਲ ਸਥਿਤ ਐੱਨ.ਆਈ.ਏ. ਦੇ ਦਫ਼ਤਰ ਨੇ ਵਾਜੇ ਨੂੰ ਸ਼ਨੀਵਾਰ ਸਵੇਰੇ 11 ਵਜੇ ਆਪਣਾ ਬਿਆਨ ਦਰਜ ਕਰਵਾਉਣ ਲਈ ਸੰਮਨ ਜਾਰੀ ਕੀਤਾ ਸੀ। ਬੁਲਾਰੇ ਨੇ ਕਿਹਾ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਕਰੀਬ 12 ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਵਾਜੇ ਨੂੰ ਆਈ.ਪੀ.ਸੀ. ਅਤੇ ਵਿਸਫ਼ੋਟਕ ਪਦਾਰਥ ਐਕਟ ਦੀਆਂ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਸੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਬਰਾਮਦ ਹੋਣ ਵਾਲੀ ਸਕਾਰਪੀਓ ਦੇ ਮਾਲਕ ਦੀ ਮਿਲੀ ਲਾਸ਼

ਦੱਸਣਯੋਗ ਹੈ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਦੱਖਣੀ ਮੁੰਬਈ ਸਥਿਤ ਘਰ 'ਐਂਟੀਲੀਆ' ਦੇ ਬਾਹਰ 25 ਫਰਵਰੀ ਨੂੰ ਇਕ ਵਾਹਨ 'ਚ ਵਿਸਫ਼ੋਟਕ ਪਦਾਰਥ ਮਿਲਿਆ ਸੀ। ਇਹ ਵਾਹਨ ਹਿਰੇਨ ਦਾ ਸੀ। ਠਾਣੇ 'ਚ ਹਿਰੇਨ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲੇ 'ਚ ਰਹੱਸ ਹੋਰ ਡੂੰਘਾ ਹੋ ਗਿਆ ਸੀ। ਹਿਰੇਨ ਦੀ ਪਤਨੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪਤੀ ਨੇ ਨਵੰਬਰ 'ਚ ਵਾਜੇ ਨੂੰ ਆਪਣੇ ਕਾਰ ਦਿੱਤੀ ਸੀ। ਉਸ ਸਮੇਂ ਮਾਮਲੇ ਦੀ ਜਾਂਚ ਕਰ ਰਹੇ ਮਹਾਰਾਸ਼ਟਰ ਏ.ਟੀ.ਐੱਸ. ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਵਾਜੇ ਦਾ ਬਿਆਨ ਦਰਜ ਕੀਤਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha