NGT ਨੇ ਪਾਣੀਪਤ ਦੀ IOC ਰਿਫਾਇਨਰੀ ''ਤੇ ਕੀਤਾ 17.31 ਕਰੋੜ ਦਾ ਜੁਰਮਾਨਾ

05/14/2019 1:38:40 PM

ਪਾਣੀਪਤ —  IOCL ਦੀ ਪਾਣੀਪਤ ਰਿਫਾਇਨਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ 'ਤੇ ਸਖਤ ਰੁਖ਼ ਅਪਣਾਉਂਦੇ ਹੋਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ(NGT) ਨੇ ਰਿਫਾਇਨਰੀ 'ਤੇ 17.31 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਰਿਫਾਇਨਰੀ'ਤੇ ਪਾਣੀਪਤ ਦੇ ਪਿੰਡ ਸੁਤਾਨਾ, ਦਦਲਾਨਾ ਅਤੇ ਨਿਊ ਬੋਹਲੀ ਪਿੰਡ ਦੀ ਗ੍ਰੀਨ ਬੈਲਟ 'ਚ ਪ੍ਰਦੂਸ਼ਿਤ ਪਾਣੀ ਛੱਡਣ ਅਤੇ ਭੂਮੀ ਦਾ ਪਾਣੀ ਖਰਾਬ ਕਰਨ ਅਤੇ ਹਵਾ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲੱਗਾ ਹੈ। 

NGT ਨੇ ਇਹ ਫੈਸਲਾ ਡੀ.ਸੀ. ਸੁਮੇਧਾ ਕਟਾਰਿਆ, ਹਰਿਆਣਾ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਵਲੋਂ ਸੌਂਪੀ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ ਹੈ। NGT ਨੇ ਰਿਫਾਇਨਰੀ ਨੂੰ ਜਲਦੀ ਤੋਂ ਜਲਦੀ ਆਪਣੀ ਵਿਵਸਥਾ ਸੁਧਾਰਨ ਲਈ ਵੀ ਸਖਤ ਨਿਰਦੇਸ਼ ਦਿੱਤੇ ਹਨ।

ਸੋਮਵਾਰ ਨੂੰ ਪਾਣੀਪਤ ਰਿਫਾਇਨਰੀ ਦੇ ਕੋਲ ਵਸੇ ਪਿੰਡ ਸੁਤਾਨਾ ਦੇ ਸਰਪੰਚ ਸੱਤਪਾਲ ਸਿੰਘ ਨੇ ਦੱਸਿਆ ਕਿ ਰਿਫਾਇਨਰੀ ਦੇ ਕਾਰਨ ਪਿੰਡ ਸੁਤਾਨਾ, ਦਦਲਾਨਾ ਅਤੇ ਨਿਊ ਬੋਹਲੀ ਪਿੰਡ ਦੇ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਇਆ ਹੈ । ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਰਿਫਾਇਨਰੀ ਪ੍ਰਸ਼ਾਸਨ ਕੋਲ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਦੀ ਸਹੀ ਵਿਵਸਥਾ ਨਹੀਂ ਹੈ। ਰਿਫਾਇਨਰੀ ਪ੍ਰਦੂਸ਼ਿਤ ਪਾਣੀ ਨੂੰ ਪੇਂਡੂ ਖੇਤਰ ਦੀ ਗ੍ਰੀਨ ਬੈਲਟ ਵਿਚ ਛੱਡਦੀ ਹੈ। ਇਸ ਕਾਰਨ ਹਜ਼ਾਰਾਂ ਦਰੱਖਤ-ਬੂਟੇ ਖਰਾਬ ਹੋ ਗਏ ਹਨ। ਉਨ੍ਹਾਂ ਨੇ 2018 'ਚ ਨਿਊ ਬੋਹਲੀ ਅਤੇ ਦਦਲਾਨਾ ਪਿੰਡ ਦੇ ਸਰਪੰਚ ਦੇ ਨਾਲ ਮਿਲ ਕੇ ਪਿੰਡ ਦੀ ਸਮੱਸਿਆ ਦੱਸਦੇ ਹੋਏ ਪਾਣੀਪਤ ਪ੍ਰਸ਼ਾਸਨ 'ਚ ਰਿਫਾਇਨਰੀ ਦੀ ਕਾਰਗੁਜ਼ਾਰੀਆਂ ਦੀ ਲਿਖਤ 'ਚ ਸ਼ਿਕਾਇਤ ਦਿੱਤੀ ਸੀ। ਪਾਣੀ ਪ੍ਰਸ਼ਾਸਨ ਨੇ ਰਿਫਾਇਨਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਸ ਨਾਲ ਰਿਫਾਇਨਰੀ ਪ੍ਰਸ਼ਾਸਨ ਦਾ ਹੌਸਲਾ ਹੋਰ ਵਧ ਗਿਆ ਅਤੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਨੇ ਦੱਸਿਆ ਕਿ ਰਿਫਾਇਨਰੀ 'ਚੋਂ ਨਿਕਲਣ ਵਾਲਾ ਪ੍ਰਦੂਸ਼ਿਤ ਪਾਣੀ ਪੇਂਡੂ ਖੇਤਰ ਦੇ ਭੂ ਜਲ ਨੂੰ ਲਗਾਤਾਰ ਖਰਾਬ ਕਰ ਰਿਹਾ ਹੈ। ਆਸਪਾਸ ਦੇ ਪਿੰਡਾਂ ਵਿਚ ਚਮੜੀ ਅਤੇ ਸਾਹ ਦੇ ਰੋਗ ਫੈਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪਾਣੀਪਤ ਪ੍ਰਸ਼ਾਸਨ ਨੇ ਰਿਫਾਇਨਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਤਿੰਨਾਂ ਗ੍ਰਾਮ ਪੰਚਾਇਤਾਂ ਵਲੋਂ ਇਸ ਮਾਮਲੇ ਦੀ ਸ਼ਿਕਾਇਤ NGT ਵਿਭਾਗ 'ਚ ਕੀਤੀ ਜਿਸ ਤੋਂ ਬਾਅਦ ਇਹ ਫੈਸਲਾ ਆਇਆ ਹੈ।