SC ਅੱਜ ਸੁਣਾਏਗੀ ਅਯੁੱਧਿਆ 'ਤੇ ਫੈਸਲਾ, ਸਿਰਫ ਕੇਸ ਨਾਲ ਜੁੜੇ ਲੋਕ ਹੀ ਰਹਿਣਗੇ ਮੌਜੂਦ

11/09/2019 9:05:28 AM

ਨਵੀਂ ਦਿੱਲੀ/ਭੋਪਾਲ (ਭਾਸ਼ਾ,ਯੂ.ਐੱਨ.ਆਈ.) : ਸੁਪਰੀਮ ਕੋਰਟ ਸਿਆਸੀ ਨਜ਼ਰੀਏ ਤੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਵਿਚ ਫੈਸਲਾ ਸ਼ਨੀਵਾਰ ਭਾਵ ਅੱਜ ਸਵੇਰੇ 10.30 ਵਜੇ ਸੁਣਾਏਗੀ। ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਏ. ਬੋਬੜੇ, ਜਸਟਿਸ ਧਨੰਜੇ ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਐੱਸ. ਅਬਦੁੱਲ ਨਜ਼ੀਰ ਦੀ 5 ਮੈਂਬਰੀ ਸੰਵਿਧਾਨ ਬੈਂਚ ਇਹ ਫੈਸਲਾ ਸੁਣਾਏਗੀ। ਸੰਵਿਧਾਨ ਬੈਂਚ ਨੇ 16 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਪੂਰੀ ਕੀਤੀ ਸੀ। ਬੈਂਚ ਨੇ 6 ਅਗਸਤ ਤੋਂ ਲਗਾਤਾਰ 40 ਦਿਨ ਇਸ ਮਾਮਲੇ 'ਚ ਸੁਣਵਾਈ ਕੀਤੀ। ਸੁਪਰੀਮ ਕੋਰਟ ਵਿਚ ਇਕ ਨੰਬਰ ਕਮਰਾ ਖੁੱਲ੍ਹੇਗਾ, ਜਿਥੇ ਸਿਰਫ ਕੇਸ ਨਾਲ ਜੁੜੇ ਲੋਕ ਮੌਜੂਦ ਰਹਿਣਗੇ। ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗ੍ਰਹਿ ਸਕੱਤਰ ਸਮੇਤ ਅਧਿਕਾਰੀਆਂ ਨੂੰ ਬੈਠਕ ਲਈ ਸੱਦਿਆ ਹੈ।

ਚੀਫ ਜਸਟਿਸ ਰੰਜਨ ਗੋਗੋਈ ਨੇ ਸਿਆਸੀ ਨਜ਼ਰੀਏ ਤੋਂ ਨਾਜ਼ੁਕ ਇਸ ਮਾਮਲੇ 'ਤੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਅਤੇ ਪੁਲਸ ਡਾਇਰੈਕਟਰ ਜਨਰਲ ਤੋਂ ਸੁਰੱਖਿਆ ਵਿਵਸਥਾ ਬਾਰੇ ਜਾਣਕਾਰੀ ਹਾਸਲ ਕੀਤੀ। ਸੂਤਰਾਂ ਨੇ ਦੱਸਿਆ ਕਿ ਚੀਫ ਜਸਟਿਸ ਦੇ ਕਮਰੇ ਵਿਚ ਲਗਭਗ ਇਕ ਘੰਟੇ ਤੱਕ ਇਹ ਬੈਠਕ ਚੱਲੀ। ਬੈਠਕ ਵਿਚ ਯੂ. ਪੀ. ਦੇ ਮੁੱਖ ਸਕੱਤਰ ਰਾਜਿੰਦਰ ਕੁਮਾਰ ਤਿਵਾੜੀ ਅਤੇ ਪੁਲਸ ਡਾਇਰੈਕਟਰ ਜਨਰਲ ਓਮ ਪ੍ਰਕਾਸ਼ ਸਿੰਘ ਨੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਗਏ ਇੰਤਜ਼ਾਮਾਂ ਤੋਂ ਚੀਫ ਜਸਟਿਸ ਨੂੰ ਜਾਣੂ ਕਰਾਇਆ। ਚੀਫ ਜਸਟਿਸ ਨਾਲ ਹੋਈ ਇਸ ਬੈਠਕ ਬਾਰੇ ਹੋਰ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ।

ਟਵਿਟਰ 'ਤੇ ਪੀ. ਐੱਮ. ਮੋਦੀ ਨੇ ਕੀਤੀ ਸ਼ਾਂਤੀ ਦੀ ਅਪੀਲ
ਅਯੁੱਧਿਆ 'ਤੇ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਵੇਗਾ, ਉਹ ਕਿਸੇ ਦੀ ਹਾਰ-ਜਿੱਤ ਦਾ ਨਹੀਂ ਹੋਵੇਗਾ। ਦੇਸ਼ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਸਾਡੀ ਸਭ ਦੀ ਇਹ ਪਹਿਲ ਰਹੇ ਕਿ ਇਹ ਫੈਸਲਾ ਭਾਰਤ ਦੀ ਸ਼ਾਂਤੀ, ਏਕਤਾ ਅਤੇ ਸਦਭਾਵਨਾ ਦੀ ਮਹਾਨ ਪ੍ਰੰਪਰਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇ।

ਦਿੱਲੀ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ, ਮੱਧ ਪ੍ਰਦੇਸ਼ 'ਚ ਬੰਦ ਰਹਿਣਗੇ ਸਕੂਲ-ਕਾਲਜ
ਅਯੁੱਧਿਆ ਵਿਚ ਸ਼ਨੀਵਾਰ ਨੂੰ ਫੈਸਲੇ ਦੇ ਮੱਦੇਨਜ਼ਰ ਦਿੱਲੀ, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਰਕਾਰਾਂ ਨੇ ਕਿਸੇ ਵੀ ਅਣਹੋਣੀ ਨੂੰ ਰੋਕਣ ਦੇ ਮਕਸਦ ਨਾਲ ਆਪਣੇ-ਆਪਣੇ ਸੂਬਿਆਂ ਵਿਚ ਸਾਰੇ ਸਕੂਲ ਅਤੇ ਕਾਲਜ ਬੰਦ ਕਰਨ ਦਾ ਫੈਸਲਾ ਲਿਆ ਹੈ। ਨਾਲ ਹੀ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ।

ਫੈਸਲੇ ਨੂੰ ਮੰਨੇ ਸਮਾਜ ਦਾ ਹਰ ਵਰਗ : ਭਾਜਪਾ
ਭਾਜਪਾ ਦੇ ਕੌਮੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਰਾਕੇਸ਼ ਸਿੰਘ ਨੇ ਅਯੁੱਧਿਆ ਰਾਮ ਜਨਮ ਭੂਮੀ 'ਤੇ ਆਉਣ ਵਾਲੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਧਿਰ ਇਸ ਫੈਸਲੇ ਨੂੰ ਆਪਣੀ ਜਿੱਤ ਜਾਂ ਹਾਰ ਦੇ ਰੂਪ ਵਿਚ ਨਾ ਦੇਖੇ। ਜਿਹੜਾ ਵੀ ਫੈਸਲਾ ਹੋਵੇ, ਉਸ ਨੂੰ ਧੀਰਜ ਅਤੇ ਸ਼ਾਂਤੀ ਦੇ ਨਾਲ ਮੰਨਿਆ ਜਾਵੇ।

ਚੌਹਾਨ ਨੇ ਉੱਤਰ ਪ੍ਰਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਕਾਰਕੁੰਨਾਂ, ਧਰਮ ਗੁਰੂਆਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਦੇਸ਼ ਅਤੇ ਸੂਬਾ ਸਭ ਤੋਂ ਉੱਪਰ ਹੈ। ਭਾਜਪਾ ਵੀ ਦੇਸ਼ ਨੂੰ ਸਭ ਤੋਂ ਉਪਰ ਮੰਨਦੀ ਹੈ ਅਤੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਭਗਵਾਨ ਸ੍ਰੀ ਰਾਮ ਦੀ ਜਨਮ ਭੂਮੀ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਹੈ। ਫੈਸਲਾ ਜੋ ਵੀ ਹੋਵੇ, ਸਮਾਜ ਦਾ ਹਰ ਵਰਗ ਫੈਸਲੇ ਨੂੰ ਮੰਨ ਕੇ ਉਸ ਦਾ ਸਨਮਾਨ ਕਰੇ।

cherry

This news is Content Editor cherry