NEET-PG 2023 ਪ੍ਰੀਖਿਆ ਨਹੀਂ ਹੋਵੇਗੀ ਮੁਲਤਵੀ, ਸੁਪਰੀਮ ਕੋਰਟ ਨੇ ਖਾਰਜ ਕੀਤੀਆਂ ਪਟੀਸ਼ਨਾਂ

02/28/2023 9:43:58 AM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ 5 ਮਾਰਚ ਨੂੰ ਹੋਣ ਵਾਲੀ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਪੋਸਟ ਗ੍ਰੈਜੂਏਟ (ਨੀਟ-ਪੀ. ਜੀ.) 2023 ਨੂੰ ਟਾਲਣ ਦੀ ਅਪੀਲ ਵਾਲੀਆਂ ਪਟੀਸ਼ਨਾਂ ਨੂੰ ਸੋਮਵਾਰ ਨੂੰ ਖਾਰਜ ਕਰ ਦਿੱਤਾ। ਰਾਸ਼ਟਰੀ ਪ੍ਰੀਖਿਆ ਬੋਰਡ (ਐੱਨ.ਬੀ.ਈ.) ਵਲੋਂ ਪੇਸ਼ ਐਡੀਸ਼ਨਲ ਸਾਲਿਸਿਟਰ ਜਨਰਲ (ਏ. ਐੱਸ. ਜੀ.) ਐਸ਼ਵਰਿਆ ਭਾਟੀ ਨੇ ਜਸਟਿਸ ਐੱਸ. ਆਰ. ਭੱਟ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੂੰ ਸੂਚਿਤ ਕੀਤਾ ਕਿ ਪ੍ਰੀਖਿਆ ਲਈ ਦਾਖ਼ਲਾ ਕਾਰਡ ਸੋਮਵਾਰ ਨੂੰ ਪ੍ਰੋਗਰਾਮ ਅਨੁਸਾਰ ਜਾਰੀ ਕਰ ਦਿੱਤੇ ਗਏ ਹਨ ਅਤੇ ‘ਕਾਊਂਸਲਿੰਗ’ 15 ਜੁਲਾਈ ਤੋਂ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਨੇ ਬੈਂਚ ਨੂੰ ਕਿਹਾ,''ਪ੍ਰੀਖਿਆ ਆਯੋਜਿਤ ਕਰਾਉਣ ਲਈ ਸਾਡੇ ਤਕਨੀਕੀ ਸਹਿਯੋਗੀ ਕੋਲ ਨੇੜ ਭਵਿੱਖ ’ਚ ਕੋਈ ਤਾਰੀਖ਼ ਉਪਲੱਬਧ ਨਹੀਂ ਹੈ।''

ਪਟੀਸ਼ਨਰਾਂ ਨੇ ਇਹ ਕਹਿੰਦੇ ਹੋਏ ਪ੍ਰੀਖਿਆ ਟਾਲਣ ਦੀ ਅਪੀਲ ਕੀਤੀ ਕਿ ‘ਕਾਊਂਸਲਿੰਗ’ 11 ਅਗਸਤ ਤੋਂ ਬਾਅਦ ਆਯੋਜਿਤ ਕੀਤੀ ਜਾਣੀ ਹੈ, ਕਿਉਂਕਿ ਇੰਟਰਨਸ਼ਿਪ ਲਈ ਕੱਟ-ਆਫ ਤਾਰੀਕ ਉਸ ਤਾਰੀਕ ਤੱਕ ਵਧਾ ਦਿੱਤੀ ਗਈ ਹੈ। ਐੱਨ. ਬੀ. ਈ. ਨੇ 24 ਫਰਵਰੀ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਨੀਟ-ਪੀ. ਜੀ. ਪ੍ਰੀਖਿਆ 2023 ਲਈ ਲਗਭਗ 2.09 ਲੱਖ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਪ੍ਰੀਖਿਆ ਟਾਲੇ ਜਾਣ ’ਤੇ ਨੇੜ ਭਵਿੱਖ ’ਚ ਕੋਈ ਬਦਲਵੀਂ ਤਾਰੀਕ ਉਪਲੱਬਧ ਨਹੀਂ ਹੋ ਸਕਦੀ ਹੈ।

DIsha

This news is Content Editor DIsha