ਨਾਸਾ ਨੂੰ ਮਿਲੇ ਚੰਦਰਯਾਨ-2 ਦੇ ਸੁਰਾਗ, ਤਸਵੀਰ ਕੀਤੀ ਸਾਂਝੀ

12/03/2019 9:26:29 AM

ਵਾਸ਼ਿੰਗਟਨ, (ਭਾਸ਼ਾ)— ਨਾਸਾ ਨੇ ਭਾਰਤ ਦੇ ਵਿਕਰਮ ਲੈਂਡਰ ਦਾ ਪਤਾ ਲਗਾਉਣ ਦਾ ਦਾਅਵਾ ਕਰਦੇ ਹੋਏ ਉਸ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਚੰਦਰਯਾਨ-2 ਦੇ ਵਿਕਰਮ ਲੈਂਡਰ ਦੀ 7 ਸਤੰਬਰ ਨੂੰ ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ ਕਰਾਉਣ ਦੀ ਇਸਰੋ ਦੀ ਕੋਸ਼ਿਸ਼ ਅਸਫਲ ਰਹੀ ਸੀ ਅਤੇ ਵਿਕਰਮ ਲੈਂਡਰ ਦਾ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਜ਼ਮੀਨੀ ਕੇਂਦਰਾਂ ਨਾਲ ਸੰਪਰਕ ਟੁੱਟ ਗਿਆ ਸੀ। ਨਾਸਾ ਨੇ ਆਪਣੇ 'ਲੂਨਰ ਰਿਕਾਨਸੰਸ ਆਰਬੀਟਰ' ਤੋਂ ਲਈ ਤਸਵੀਰ 'ਚ ਪੁਲਾੜ ਜਹਾਜ਼ ਨਾਲ ਪ੍ਰਭਾਵਿਤ ਸਥਾਨ ਨੂੰ ਅਤੇ ਉਸ ਸਥਾਨ ਨੂੰ ਦਿਖਾਇਆ ਹੈ ਜਿੱਥੇ ਮਲਬਾ ਹੋ ਸਕਦਾ ਹੈ।

ਲੈਂਡਰ ਦੇ ਹਿੱਸੇ ਕਈ ਕਿਲੋਮੀਟਰ ਤਕ ਲਗਭਗ ਦੋ ਦਰਜਨ ਸਥਾਨਾਂ 'ਤੇ ਡਿੱਗੇ ਹੋਏ ਹਨ। ਨਾਸਾ ਨੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਸਥਾਨ ਦੀ ਤਸਵੀਰ 26 ਸਤੰਬਰ ਨੂੰ ਸਾਂਝੀ ਕੀਤੀ ਅਤੇ ਲੋਕਾਂ ਨੂੰਉਸ ਤਸਵੀਰ 'ਚ ਲੈਂਡਰ ਦੇ ਮਲਬੇ ਨੂੰ ਪਛਾਣਨ ਦੀ ਅਪੀਲ ਕੀਤੀ। ਨਾਸਾ ਨੇ ਕਿਹਾ ਕਿ ਸ਼ਨਮੁਗਾ ਸੁਬਰਮਣਿਅਨ ਨੇ 'ਲੂਨਰ ਰਿਕਾਨਸੰਸ ਆਰਬੀਟਰ' ਯੋਜਨਾ ਨਾਲ ਸੰਪਰਕ ਕੀਤਾ ਅਤੇ ਮੁੱਖ ਦੁਰਘਟਨਾ ਸਥਾਨ ਤੋਂ ਲਗਭਗ 750 ਮੀਟਰ ਉੱਤਰੀ-ਪੱਛਮ 'ਚ ਪਹਿਲੇ ਟੁੱਕੜੇ ਦੀ ਪਛਾਣ ਕੀਤੀ। ਜ਼ਿਕਰਯੋਗ ਹੈ ਕਿ ਜੇਕਰ ਭਾਰਤ ਦੀ ਇਹ ਮੁਹਿੰਮ ਸਫਲ ਹੋ ਜਾਂਦੀ ਤਾਂ ਉਹ ਅਮਰੀਕਾ, ਰੂਸ ਅਤੇ ਚੀਨ ਦੇ ਬਾਅਦ ਚੰਦਰਮਾ 'ਤੇ ਪੁੱਜਣ ਵਾਲਾ ਚੌਥਾ ਦੇਸ਼ ਬਣ ਜਾਂਦਾ।