PM ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਟਰੱਸਟ ਦਾ ਕੀਤਾ ਐਲਾਨ

02/05/2020 11:46:04 AM

ਨਵੀਂ ਦਿੱਲੀ— ਲੋਕ ਸਭਾ 'ਚ ਅੱਜ ਭਾਵ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਟਰੱਸਟ ਦਾ ਐਲਾਨ ਕੀਤਾ। ਸੰਸਦ 'ਚ ਬੋਲਦਿਆਂ ਪੀ. ਐੱਮ. ਮੋਦੀ ਨੇ ਦੱਸਿਆ ਕਿ ਇਸ ਟਰੱਸਟ ਦਾ ਨਾਮ 'ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ' ਹੋਵੇਗਾ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਹੀ ਟਰੱਸਟ ਦਾ ਗਠਨ ਹੋਵੇਗਾ। ਇਹ ਟਰੱਸਟ ਹੀ ਰਾਮ ਮੰਦਰ ਦੇ ਨਿਰਮਾਣ ਦਾ ਫੈਸਲਾ ਲਵੇਗਾ। ਮੋਦੀ ਨੇ ਸੰਸਦ ਵਿਚ ਇਹ ਵੀ ਕਿਹਾ ਕਿ 67.3 ਏਕੜ ਜ਼ਮੀਨ ਟਰੱਸਟ ਨੂੰ ਦਿੱਤੀ ਜਾਵੇਗੀ। ਇਸ ਦੇ ਨਾਲ ਸੁੰਨੀ ਵਕਫ਼ ਬੋਰਡ ਨੂੰ 5 ਏਕੜ ਜ਼ਮੀਨ ਦਿੱਤੀ ਜਾਵੇਗੀ। 

ਲੋਕ ਸਭਾ 'ਚ ਮੋਦੀ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਇਕ ਹਨ, ਪਰਿਵਾਰ ਦੇ ਮੈਂਬਰ ਸੁੱਖੀ ਅਤੇ ਖੁਸ਼ਹਾਲ ਹੋਣ ਅਤੇ ਦੇਸ਼ ਦਾ ਵਿਕਾਸ ਹੋਵੇ, ਇਸ ਲਈ ਸਾਰਿਆਂ ਦਾ ਸਾਥ, ਸਾਰਿਆਂ ਦਾ ਵਿਕਾਸ ਦੇ ਮੰਤਰ 'ਤੇ ਚੱਲ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਸਾਰੇ ਲੋਕ ਇਕ ਸੁਰ ਵਿਚ ਆਪਣੀ ਵੋਟ ਦੇਣ। ਸੁਪਰੀਮ ਕੋਰਟ ਦੇ ਫੈਸਲੇ ਦੇ 87 ਦਿਨ ਬਾਅਦ ਹੀ ਇਸ ਦੀ ਰੂਪ ਰੇਖਾ ਤਿਆਰ ਹੋ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਟਰੱਸਟ 'ਚ ਮਹੰਤ ਨਰਿਤਯ ਗੋਪਾਲ ਦਾਸ ਨੂੰ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਰਾਮ ਮੰਦਰ ਇਕ ਤੀਰਥ ਸਥਲ ਬਣੇਗਾ। ਰਾਮ ਮੰਦਰ ਟਰੱਸਟ 'ਚ ਦਿਗੰਬਰ ਅਖਾੜਾ, ਨਿਰਮੋਹੀ ਅਖਾੜਾ ਅਤੇ ਰਾਮਲੱਲਾ ਬਿਰਾਜਮਾਨ ਤਿੰਨਾਂ 'ਚੋਂ ਇਕ-ਇਕ ਮੈਂਬਰ ਨੂੰ ਸ਼ਾਮਲ ਕੀਤਾ ਜਾਵੇਗਾ। 

ਇਸ ਦੌਰਾਨ ਸੰਸਦ 'ਚ ਜੈ ਸ਼੍ਰੀਰਾਮ ਦੇ ਨਾਅਰੇ ਲੱਗੇ। ਦੱਸਣਯੋਗ ਹੈ ਕਿ ਬੀਤੇ ਸਾਲ 9 ਨਵੰਬਰ ਨੂੰ ਅਯੁੱਧਿਆ 'ਚ ਰਾਮ ਮੰਦਰ ਬਣਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਸੀ। ਇਸ ਫੈਸਲੇ 'ਚ ਰਾਮਲੱਲਾ ਬਿਰਾਜਮਾਨ ਨੂੰ ਵਿਵਾਦਿਤ ਜ਼ਮੀਨ ਦਿੱਤੀ ਗਈ ਅਤੇ ਸੁੰਨੀ ਵਕਫ਼ ਬੋਰਡ ਲਈ ਵੱਖ ਤੋਂ ਹੀ ਅਯੁੱਧਿਆ 'ਚ 5 ਏਕੜ ਜ਼ਮੀਨ ਦੇਣ ਦਾ ਐਲਾਨ ਕੀਤਾ ਗਿਆ ਸੀ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਰਾਮ ਮੰਦਰ ਬਣਨ ਦਾ ਰਾਹ ਸਾਫ ਹੋ ਗਿਆ।

Tanu

This news is Content Editor Tanu