ਸ਼ਹੀਦਾਂ ਦੇ ਘਰ ''ਦਰਦ ਦਾ ਦਰਿਆ'' ਸੀ, ਮੋਦੀ ਦਰਿਆ ''ਚ ਸ਼ੂਟਿੰਗ ਕਰ ਰਹੇ ਸਨ :  ਰਾਹੁਲ

02/22/2019 1:10:53 PM

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਅੱਤਵਾਦੀ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਚੈਨਲ ਲਈ ਫਿਲਮ ਦੀ ਸ਼ੂਟਿੰਗ ਕਰਨ ਸੰਬੰਧੀ ਖਬਰਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਉਨ੍ਹਾਂ 'ਤੇ ਹਮਲਾ ਬੋਲਿਆ। ਰਾਹੁਲ ਨੇ ਦੋਸ਼ ਲਗਾਇਆ ਕਿ ਜਦੋਂ ਸ਼ਹੀਦਾਂ ਦੇ ਘਰ 'ਦਰਦ ਦਾ ਦਰਿਆ' ਉਮੜਿਆ ਸੀ ਤਾਂ 'ਪ੍ਰਾਈਮ ਟਾਈਮ ਮਿਨੀਸਟਰ' ਹੱਸਦੇ ਹੋਏ ਦਰਿਆ 'ਚ ਸ਼ੂਟਿੰਗ ਕਰ ਰਹੇ ਸਨ। ਰਾਹੁਲ ਨੇ ਪ੍ਰਧਾਨ ਮੰਤਰੀ ਦੀ ਸ਼ੂਟਿੰਗ ਨਾਲ ਜੁੜੀ ਤਸਵੀਰ ਟਵਿੱਟਰ 'ਤੇ ਸ਼ੇਅਰ ਕਰਦੇ ਹੋਏ ਕਿਹਾ,''ਪੁਲਵਾਮਾ 'ਚ 40 ਜਵਾਨਾਂ ਦੀ ਸ਼ਹਾਦਤ ਦੀ ਖਬਰ ਦੇ ਤਿੰਨ ਘੰਟੇ ਬਾਅਦ ਵੀ 'ਪ੍ਰਾਈਮ ਟਾਈਮ ਮਿਨੀਸਟਰ' ਫਿਲਮ ਦੀ ਸ਼ੂਟਿੰਗ ਕਰਦੇ ਰਹੇ। ਦੇਸ਼ ਦੇ ਦਿਲ ਅਤੇ ਸ਼ਹੀਦਾਂ ਦੇ ਘਰਾਂ 'ਚ ਦਰਦ ਦਾ ਦਰਿਆ ਉਮੜਿਆ ਸੀ ਅਤੇ ਉਹ ਹੱਸਦੇ ਹੋਏ ਦਰਿਆ 'ਚ ਫੋਟੋਸ਼ੂਟ 'ਤੇ ਸਨ।'' 

ਇਸ ਤੋਂ ਪਹਿਲਾਂ ਵੀਰਵਾਰ ਨੂੰ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਦੋਸ਼ ਲਗਾਇਆ ਸੀ ਕਿ ਜਦੋਂ ਦੇਸ਼ ਇਸ ਹਮਲੇ ਕਾਰਨ ਸਦਮੇ 'ਚ ਸੀ ਤਾਂ ਉਸ ਸਮੇਂ ਮੋਦੀ ਕਾਰਬੇਟ ਪਾਰਕ 'ਚ ਇਕ ਚੈਨਲ ਲਈ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਆਪਣੀ ਸੱਤਾ ਬਚਾਉਣ ਲਈ ਜਵਾਨਾਂ ਦੀ ਸ਼ਹਾਦਤ ਅਤੇ 'ਰਾਜਧਰਮ' ਭੁੱਲ ਗਏ। ਸੂਰਜੇਵਾਲਾ ਨੇ ਕਿਹਾ,''ਹਮਲਾ 14 ਫਰਵਰੀ ਦਿਨ 'ਚ ਕਰੀਬ 3 ਵਜੇ ਹੋਇਆ ਅਤੇ ਪ੍ਰਧਾਨ ਮੰਤਰੀ ਕਰੀਬ 7 ਵਜੇ ਤੱਕ ਸ਼ੂਟਿੰਗ ਅਤੇ ਚਾਹ ਨਾਸ਼ਤੇ 'ਚ ਰੁਝੇ ਸਨ। ਪ੍ਰਧਾਨ ਮੰਤਰੀ ਦੇ ਇਸ ਆਚਰਨ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੁੰਦੇ ਹਨ।'' ਦੂਜੇ ਪਾਸੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਦੀ ਸੁਰੱਖਿਆ 'ਤੇ ਪ੍ਰਧਾਨ ਮੰਤਰੀ ਦੀ ਵਚਨਬੱਧਤਾ ਨੂੰ ਲੈ ਕੇ ਦੋਸ਼ ਲਗਾਉਣ ਦਾ ਦੇਸ਼ ਦੀ ਜਨਤਾ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਪੁਲਵਾਮਾ ਆਤਮਘਾਤੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ ਘੱਟੋ-ਘੱਟ 40 ਜਵਾਨ ਸ਼ਹੀਦ ਹੋ ਗਏ ਸਨ।

DIsha

This news is Content Editor DIsha