ਕੇਦਾਰਨਾਥ ਧਾਮ ਦੀ ਪਵਿੱਤਰ ਗੁਫਾ ''ਚ ਪਹੁੰਚੇ ਮੋਦੀ, ਧਿਆਨ ''ਤੇ ਬੈਠੇ

05/18/2019 4:44:43 PM

ਦੇਹਰਾਦੂਨ— ਇਕ ਮਹੀਨੇ ਤੋਂ ਵੱਧ ਸਮੇਂ ਤਕ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿਚ ਰੁੱਝੇ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਦੀ ਸਵੇਰ ਨੂੰ ਉੱਤਰਾਖੰਡ ਪੁੱਜੇ। ਮੋਦੀ ਨੇ ਇੱਥੇ ਕੇਦਾਰਨਾਥ ਧਾਮ ਦੇ ਦਰਸ਼ਨ ਕੀਤੇ ਅਤੇ ਸ਼ਿਵ ਭੋਲੇ ਦੀ ਪੂਜਾ ਕੀਤੀ। ਇਸ ਤੋਂ ਬਾਅਦ ਪੀ. ਐੱਮ. ਮੋਦੀ ਮੀਂਹ ਵਿਚ ਹੀ ਪੈਦਲ ਤੁਰ ਕੇ ਕੇਦਾਰਨਾਥ ਸ਼ਰਾਈਨ ਨੇੜੇ ਸਥਿਤ ਗੁਫਾ ਵਿਚ ਪੁੱਜੇ, ਜਿੱਥੇ ਮੋਦੀ ਭਗਵਾ (ਕੇਸਰੀ) ਕੱਪੜੇ ਪਾ ਕੇ ਧਿਆਨ 'ਚ ਬੈਠ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮੋਦੀ 20 ਘੰਟੇ ਤਕ ਗੁਫਾ ਵਿਚ ਰਹਿਣਗੇ।



ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਹੈਲੀਕਾਪਟਰ ਤੋਂ ਉਤਰਨ ਦੌਰਾਨ ਸਲੇਟੀ ਰੰਗ ਦੇ ਪਹਾੜੀ ਲਿਬਾਸ ਅਤੇ ਪਹਾੜੀ ਟੋਪੀ ਪਹਿਨੇ ਨਜ਼ਰ ਆਏ। ਹੈਲੀਪੈਡ ਤੋਂ ਮੰਦਰ ਤਕ ਪਹੁੰਚਣ ਦੇ ਪੈਦਲ ਰਸਤੇ ਦੇ ਦੋਹਾਂ ਪਾਸੇ ਮੌਜੂਦ ਸ਼ਰਧਾਲੂਆਂ ਅਤੇ ਸਥਾਨਕ ਜਨਤਾ ਦਾ ਉਨ੍ਹਾਂ ਨੇ ਹੱਥ ਹਿਲਾ ਕੇ ਸਵਾਗਤ ਕੀਤਾ।



ਮੰਦਰ ਕੰਪਲੈਕਸ 'ਚ ਪਹੁੰਚਣ 'ਤੇ ਕੇਦਾਰਨਾਥ ਦੇ ਪੁਜਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ। ਕਰੀਬ ਅੱਧੇ ਘੰਟੇ ਚੱਲੀ ਇਸ ਪੂਜਾ ਤੋਂ ਬਾਅਦ ਮੋਦੀ ਨੇ ਮੰਦਰ ਦੀ ਪਰਿਕਰਮਾ ਕੀਤੀ। ਮੋਦੀ ਐਤਵਾਰ ਭਾਵ ਕੱਲ ਬਦਰੀਨਾਥ ਜਾਣਗੇ ਅਤੇ ਉਸ ਤੋਂ ਬਾਅਦ ਦਿੱਲੀ ਪਰਤਣਗੇ।

Kapil Kumar

This news is Content Editor Kapil Kumar