ਮੋਦੀ ਦੇ ਭਾਸ਼ਣ ''ਚ 1984 ਦੇ ਦੰਗਿਆਂ ਦਾ ਜ਼ਿਕਰ, ਕਾਂਗਰਸ ਨੂੰ ਲਿਆ ਲਪੇਟੇ ''ਚ

02/06/2020 2:56:26 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ 'ਚ ਆਪਣੇ ਭਾਸ਼ਣ 'ਚ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ। ਮੋਦੀ ਨੇ ਭਾਸ਼ਣ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਕਿਹਾ ਕਿ ਕੀ ਕਾਂਗਰਸ ਨੂੰ ਸਿੱਖ ਵਿਰੋਧੀ ਦੰਗੇ ਯਾਦ ਨਹੀਂ ਹਨ। ਕਾਂਗਰਸ ਘੱਟ ਗਿਣਤੀ ਦੇ ਨਾਂ 'ਤੇ ਆਪਣੀਆਂ ਰੋਟੀਆਂ ਸੇਕਦੀ ਰਹਿੰਦੀ ਸੀ। ਪੀ. ਐੱਮ. ਨੇ ਪੁੱਛਿਆ ਕਿ ਕੀ ਸਿੱਖ ਘੱਟ ਗਿਣਤੀ ਨਹੀਂ ਸਨ, ਉਦੋਂ ਸਿੱਖਾਂ ਦੇ ਗਲੇ 'ਚ ਟਾਇਰ ਬੰਨ੍ਹ ਕੇ ਸਾੜ ਦਿੱਤਾ ਗਿਆ ਸੀ। ਇੱਥੋਂ ਤਕ ਕਿ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ 'ਚ ਵੀ ਨਹੀਂ ਭੇਜਿਆ ਗਿਆ, ਜਿਨ੍ਹਾਂ 'ਤੇ ਸਿੱਖ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਹੈ, ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ। ਮੋਦੀ ਇੱਥੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਬਾਰੇ ਗੱਲ ਕਰ ਰਹੇ ਸਨ। 


ਮੋਦੀ ਨੇ ਅੱਗੇ ਕਿਹਾ ਕਿ ਦੇਸ਼ ਨੂੰ ਕਾਂਗਰਸ ਤੋਂ ਜ਼ਿੰਮੇਵਾਰ ਵਿਰੋਧੀ ਧਿਰ ਦੀ ਉਮੀਦ ਸੀ ਪਰ ਉਹ ਗਲਤ ਰਸਤੇ 'ਤੇ ਚੱਲ ਪਿਆ ਹੈ, ਇਹ ਰਾਹ ਦੇਸ਼ ਨੂੰ ਦੁੱਖ 'ਚ ਪਾਉਣ ਵਾਲਾ ਹੈ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸੁਰੱਖਿਆ ਗਾਰਡ ਵਲੋਂ ਮਾਰ ਦਿੱਤਾ ਗਿਆ ਸੀ। ਜਿਸ ਤੋਂ ਅਗਲੇ ਦਿਨ ਯਾਨੀ ਕਿ 1-2 ਨਵੰਬਰ ਨੂੰ ਸਿੱਖ ਵਿਰੋਧੀ ਦੰਗੇ ਭੜਕੇ ਸਨ। ਇਨ੍ਹਾਂ ਦੰਗਿਆਂ ਦਾ ਸੇਕ ਇਕੱਲੇ ਦਿੱਲੀ 'ਚ ਹੀ ਨਹੀਂ ਸਗੋਂ ਕਿ ਕਾਨਪੁਰ ਅਤੇ ਹੋਰ ਸੂਬਿਆਂ ਵਿਚ ਦੇਖਣ ਨੂੰ ਮਿਲਿਆ ਸੀ। ਦੰਗਿਆਂ ਦੇ 35 ਸਾਲ ਬੀਤ ਜਾਣ ਮਗਰੋਂ ਵੀ ਪੀੜਤ ਪਰਿਵਾਰਾਂ ਨੂੰ ਅਧੂਰਾ ਇਨਸਾਫ ਮਿਲਿਆ ਹੈ। ਕਈ ਦੋਸ਼ੀ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ, ਜਿਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਸੀ।

Tanu

This news is Content Editor Tanu