ਪੀ.ਐੱਮ. ਮੋਦੀ ਕਦੇ ਨਹੀਂ ਹੋ ਸਕਦੇ ''ਫਾਦਰ ਆਫ ਇੰਡੀਆ'' : ਓਵੈਸੀ

09/25/2019 5:57:45 PM

ਹੈਦਰਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਫਾਦਰ ਆਫ ਇੰਡੀਆ' ਦੱਸੇ ਜਾਣ 'ਤੇ ਏ.ਆਈ.ਐੱਮ.ਆਈ.ਐੱਮ. (ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ) ਚੀਫ ਅਸਦੁਦੀਨ ਓਵੈਸੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਨਰਿੰਦਰ ਮੋਦੀ ਦੂਰ-ਦੂਰ ਤੱਕ ਫਾਦਰ ਆਫ ਇੰਡੀਆ ਨਹੀਂ ਹਨ। ਓਵੈਸੀ ਨੇ ਇਹ ਵੀ ਕਿਹਾ ਕਿ ਡੋਨਾਲਡ ਟਰੰਪ ਇਕ ਜਾਹਿਲ ਆਦਮੀ ਹਨ ਅਤੇ ਪੜ੍ਹੇ-ਲਿਖੇ ਜ਼ਿਆਦਾ ਨਹੀਂ ਹਨ। ਨਾ ਤਾਂ ਉਨ੍ਹਾਂ ਨੂੰ ਹਿੰਦੁਸਤਾਨ ਬਾਰੇ ਕੁਝ ਪਤਾ ਹੈ ਅਤੇ ਨਾ ਉਨ੍ਹਾਂ ਨੂੰ ਮਹਾਤਮਾ ਗਾਂਧੀ ਬਾਰੇ ਕੁਝ ਪਤਾ ਹੈ। ਟਰੰਪ ਨੂੰ ਦੁਨੀਆ ਬਾਰੇ ਕੁਝ ਵੀ ਪਤਾ ਨਹੀਂ ਹੈ।

ਗਾਂਧੀ ਤੇ ਮੋਦੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ
ਓਵੈਸੀ ਨੇ ਕਿਹਾ,''ਡੋਨਾਲਡ ਟਰੰਪ ਨੇ ਪੀ.ਐੱਮ. ਮੋਦੀ ਨੂੰ 'ਫਾਦਰ ਆਫ ਦਿ ਨੇਸ਼ਨ' ਦੱਸਿਆ ਹੈ। ਟਰੰਪ ਜਾਹਿਲ ਹਨ ਅਤੇ ਅਗਿਆਨੀ ਹਨ। ਗਾਂਧੀ ਅਤੇ ਮੋਦੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਮੋਦੀ ਕਦੇ ਫਾਦਰ ਆਫ ਨੇਸ਼ਨ ਨਹੀਂ ਹੋ ਸਕਦੇ ਹਨ।'' ਓਵੈਸੀ ਨੇ ਕਿਹਾ,''ਜੇਕਰ ਟਰੰਪ ਨੂੰ ਪਤਾ ਹੁੰਦਾ ਤਾਂ ਇਸ ਤਰ੍ਹਾਂ ਦੀ ਜੁਮਲੇਬਾਜ਼ੀ ਨਹੀਂ ਕਰਦੇ। ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਦਾ ਖਿਤਾਬ ਇਸ ਲਈ ਮਿਲਿਆ, ਕਿਉਂਕਿ ਉਨ੍ਹਾਂ ਨੇ ਇਹ ਹਾਸਲ ਕੀਤਾ ਸੀ। ਲੋਕਾਂ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਦੇਖ ਕੇ ਉਨ੍ਹਾਂ ਨੂੰ ਇਹ ਉਪਾਧੀ ਦਿੱਤੀ ਸੀ। ਇਸ ਤਰ੍ਹਾਂ ਦੇ ਖਿਤਾਬ ਦਿੱਤੇ ਨਹੀਂ ਜਾਂਦੇ, ਹਾਸਲ ਕੀਤੇ ਜਾਂਦੇ ਹਨ। ਪੰਡਤ ਨਹਿਰੂ ਅਤੇ ਸਰਦਾਰ ਪਟੇਲ ਇਹ ਹਿੰਦੁਸਤਾਨ ਦੀ ਸਿਆਸਤ ਦੀਆਂ ਉੱਚੀਆਂ ਸ਼ਖਸੀਅਤਾਂ ਸੀ, ਉਨ੍ਹਾਂ ਨੂੰ ਕਦੇ ਫਾਦਰ ਆਫ ਨੇਸ਼ਨ ਨਹੀਂ ਕਿਹਾ ਗਿਆ।''

ਮੋਦੀ ਨੂੰ ਏਲਵਿਸ ਪ੍ਰੇਸਲੀ ਕਹਿਣਾ ਸੱਚਾਈ
ਓਵੈਸੀ ਨੇ ਕਿਹਾ,''ਨਰਿੰਦਰ ਮੋਦੀ ਨੂੰ ਏਲਵਿਸ ਪ੍ਰੇਸਲੀ ਕਿਹਾ ਗਿਆ। ਇਸ 'ਚ ਸੱਚਾਈ ਹੋ ਸਕਦੀ ਹੈ। ਏਲਵਿਸ ਪ੍ਰੇਸਲੀ ਬਾਰੇ ਜੋ ਮੈਂ ਪੜ੍ਹਿਆ ਹੈ, ਬਿਹਤਰੀਨ ਗਾਣਾ ਗਾਉਂਦੇ ਸਨ ਅਤੇ ਮਜਮਾ ਜਮਾਉਂਦੇ ਸਨ। ਸਾਡੇ ਪ੍ਰਧਾਨ ਮੰਤਰੀ ਵੀ ਚੰਗਾ ਭਾਸ਼ਣ ਦਿੰਦੇ ਹਨ ਅਤੇ ਭੀੜ ਜਮਾਉਂਦੇ ਹਨ। ਇਹ ਗੱਲ ਮਿਲਦੀ-ਜੁਲਦੀ ਹੈ।'' ਓਵੈਸੀ ਨੇ ਕਿਹਾ ਕਿ ਟਰੰਪ ਇਮਰਾਨ ਖਾਨ ਅਤੇ ਪੀ.ਐੱਮ. ਮੋਦੀ ਨਾਲ ਡਬਲ ਗੇਮ ਖੇਡ ਰਹੇ ਹਨ, ਉਨ੍ਹਾਂ ਦੇ ਖੇਡ ਨੂੰ ਸਮਝਣ ਦੀ ਲੋੜ ਹੈ।

ਟਰੰਪ ਨੇ ਦਿੱਤਾ ਸੀ ਇਹ ਬਿਆਨ
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਫਾਦਰ ਆਫ ਨੇਸ਼ਨ' ਦੱਸਿਆ ਸੀ। ਇਹੀ ਨਹੀਂ ਉਨ੍ਹਾਂ ਨੇ ਮੋਦੀ ਦੀ ਤੁਲਨਾ ਅਮਰੀਕਾ ਦੇ ਰਾਕਸਟਾਰ ਏਲਵਿਸ ਪ੍ਰੇਸਲੀ ਨਾਲ ਵੀ ਕੀਤੀ ਸੀ। ਡੋਨਾਲਡ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਉਹ ਭਾਰਤ ਯਾਦ ਹੈ, ਜੋ ਕਾਫੀ ਵੰਡਿਆ ਹੋਇਆ ਸੀ। ਉੱਥੇ ਕਾਫੀ ਮਤਭੇਦ, ਲੜਾਈਆਂ ਸਨ ਪਰ ਉਹ (ਪੀ.ਐੱਮ. ਮੋਦੀ) ਸਾਰਿਆਂ ਨੂੰ ਨਾਲ ਲੈ ਕੇ ਆਏ। ਜਿਵੇਂ ਕਿ ਇਕ ਪਿਤਾ ਸਾਰਿਆਂ ਨੂੰ ਨਾਲ ਲਿਆਉਂਦਾ ਹੈ। ਸ਼ਾਇਦ ਉਹ ਭਾਰਤ ਦੇ ਪਿਤਾ ਹਨ। ਅਸੀਂ ਉਨ੍ਹਾਂ ਨੂੰ ਫਾਦਰ ਆਫ ਇੰਡੀਆ ਬੁਲਾਵਾਂਗੇ।'' ਉੱਥੇ ਹੀ ਜਦੋਂ ਟਰੰਪ ਤੋਂ ਹਿਊਸਟਨ ਇਵੈਂਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ,''ਮੇਰੇ ਸੱਜੇ ਪਾਸੇ ਜੋ ਲੋਕ ਬੈਠੇ ਹਨ, ਉਨ੍ਹਾਂ (ਮੋਦੀ) ਨੂੰ ਪਸੰਦ ਕਰਦੇ ਹਨ। ਲੋਕ ਪਾਗਲ ਹੋ ਜਾਂਦੇ ਹਨ, ਉਹ ਏਲਵਿਸ ਦੇ ਇੰਡੀਅਨ ਵਰਜਨ ਹਨ।'' ਏਲਵਿਸ ਪ੍ਰੇਸਲੀ ਅਮਰੀਕੀ ਸਿੰਗਰ ਅਤੇ ਐਕਟਰ ਸਨ। ਉਨ੍ਹਾਂ ਨੂੰ 'ਕਿੰਗ ਆਫ ਰਾਕ ਐਂਡ ਰੋਲ' ਕਿਹਾ ਜਾਂਦਾ ਸੀ।

DIsha

This news is Content Editor DIsha