ਕਸ਼ਮੀਰ ਮੁੱਦੇ ''ਤੇ ਦਿੱਤਾ ਪਾਕਿ ਦਾ ਸਾਥ ਤਾਂ ਮੋਦੀ ਨੇ ਰੱਦ ਕੀਤੀ ਤੁਰਕੀ ਦੀ ਯਾਤਰਾ

10/20/2019 10:50:28 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਯਾਤਰਾ ਨੂੰ ਰੱਦ ਕਰ ਦਿੱਤਾ ਹੈ। ਦਰਅਸਲ ਤੁਰਕੀ ਨੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਬੈਠਕ ਵਿਚ ਖੁੱਲ੍ਹ ਕੇ ਪਾਕਿਸਤਾਨ ਦਾ ਸਮਰਥਨ ਕੀਤਾ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਰਦੋਗਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਸ਼ਮੀਰ ਮੁੱਦਾ ਚੁੱਕਿਆ ਸੀ, ਜਿਸ ਕਾਰਨ ਮੋਦੀ ਦੀ ਪ੍ਰਸਤਾਵਿਤ ਤੁਰਕੀ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਮੋਦੀ ਇਕ ਵੱਡੇ ਨਿਵੇਸ਼ ਸੰਮੇਲਨ 'ਚ ਹਿੱਸਾ ਲੈਣ ਲਈ 27-28 ਅਕਤੂਬਰ ਨੂੰ ਸਾਊਦੀ ਅਰਬ ਜਾ ਰਹੇ ਹਨ। ਉਨ੍ਹਾਂ ਨੇ ਉੱਥੋਂ ਹੀ ਤੁਰਕੀ ਜਾਣਾ ਸੀ ਪਰ ਹੁਣ ਉਹ ਉੱਥੇ ਨਹੀਂ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਤੁਰਕੀ ਦੇ ਪਾਕਿਸਤਾਨ ਪ੍ਰਤੀ ਰਵੱਈਏ ਦੇ ਮੱਦੇਨਜ਼ਰ ਭਾਰਤ ਨੇ ਇਹ ਕਦਮ ਚੁੱਕਿਆ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਇਸ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇੱਥੇ ਦੱਸ ਦੇਈਏ ਕਿ ਭਾਰਤ ਅਤੇ ਤੁਰਕੀ ਦੇ ਰਿਸ਼ਤਿਆਂ ਵਿਚ ਕਦੇ ਬਹੁਤੀ ਗਰਮੀ ਨਹੀਂ ਰਹੀ ਪਰ ਇਸ ਯਾਤਰਾ ਦੇ ਰੱਦ ਹੋਣ ਨਾਲ ਸਾਫ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਖਟਾਸ ਪੈਦਾ ਹੋ ਗਈ ਹੈ। ਪੀ. ਐੱਮ. ਮੋਦੀ ਦੀ ਤੁਰਕੀ ਯਾਤਰਾ 'ਤੇ ਸਿਧਾਂਤਕ ਰੂਪ ਨਾਲ ਸਹਿਮਤੀ ਬਣੀ ਸੀ ਅਤੇ ਇਸ ਵਿਚ ਹੋਰ ਮੁੱਦਿਆਂ ਤੋਂ ਇਲਾਵਾ ਵਪਾਰ ਅਤੇ ਰੱਖਿਆ ਸਹਿਯੋਗ 'ਤੇ ਗੱਲ ਹੋਣੀ ਸੀ ਪਰ ਤੁਰਕੀ ਦੇ ਪਾਕਿਸਤਾਨ ਪ੍ਰਤੀ ਰਵੱਈਏ ਤੋਂ ਭਾਰਤ ਨਾਰਾਜ਼ ਹੈ। 

ਦੱਸਣਯੋਗ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਨੇ ਕਸ਼ਮੀਰ 'ਤੇ ਪਾਕਿਸਤਾਨ ਦਾ ਸਮਰਥਨ ਕਰਦੇ ਹੋਏ ਕਿਹਾ ਸੀ ਕਿ ਜੰਮੂ-ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਦੇ ਬਾਵਜੂਦ 8 ਲੱਖ ਲੋਕ ਕੈਦ ਹਨ। ਤੁਰਕੀ ਦੇ ਇਸ ਬਿਆਨ 'ਤੇ ਭਾਰਤ ਨੇ ਜਵਾਬ ਦਿੱਤਾ ਸੀ ਕਿ ਇਸ ਮੁੱਦੇ 'ਤੇ ਕੁਝ ਵੀ ਕਹਿਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਨੂੰ ਠੀਕ ਢੰਗ ਨਾਲ ਸਮਝ ਲਵੋ। ਇਸ ਦੇ ਨਾਲ ਹੀ ਭਾਰਤ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ, ਜਿਸ 'ਤੇ ਕਿਸੇ ਤੀਜੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ।

Tanu

This news is Content Editor Tanu