ਐੱਨ. ਐੱਚ. ਘਪਲੇ ਦੇ ਮੁਲਜ਼ਮ ਭੱਜੇ ਵਿਦੇਸ਼, ਲੁਕਆਊਟ ਨੋਟਿਸ ਜਾਰੀ

01/17/2018 9:28:02 AM

ਦੇਹਰਾਦੂਨ — ਉੱਤਰਾਖੰਡ ਸਰਕਾਰ ਲਈ ਗਲੇ ਦੀ ਹੱਡੀ ਬਣੇ 300 ਕਰੋੜ ਰੁਪਏ ਦੇ ਐੱਨ. ਐੱਚ. 74 ਘਪਲੇ ਦੇ ਕਈ ਮੁਲਜ਼ਮ ਵਿਦੇਸ਼ ਭੱਜ ਗਏ ਹਨ। ਇਸੇ ਖਦਸ਼ੇ ਨਾਲ ਇਸ ਘਪਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਨੇ ਲੁਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਨਾਲ ਹੀ ਇੰਟਰਪੋਲ ਦੀ ਮਦਦ ਵੀ ਲਏ ਜਾਣ ਦੀ ਤਿਆਰੀ ਚੱਲ ਰਹੀ ਹੈ। 
ਇਨ੍ਹਾਂ ਮੁਲਜ਼ਮਾਂ ਨੂੰ ਫਰਾਰ ਹੋਣ ਦਾ ਮੌਕਾ ਉਦੋਂ ਮਿਲ ਗਿਆ, ਜਦੋਂ ਇਸਦੀ ਜਾਂਚ ਸੀ. ਬੀ. ਆਈ. ਅਤੇ ਐੱਸ. ਆਈ. ਟੀ. ਤੋਂ ਕਰਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਖਿੱਚੋਤਾਣ ਚੱਲ ਰਹੀ ਸੀ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਘਪਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦਾ ਐਲਾਨ ਕਰ ਚੁੱਕੇ ਸਨ ਅਤੇ ਸਰਕਾਰ ਨੇ ਮਤਾ ਵੀ ਕੇਂਦਰ ਨੂੰ ਭੇਜ ਦਿੱਤਾ ਸੀ।
ਇਸੇ ਦਰਮਿਆਨ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ  ਆਪਣਾ ਵੀਟੋ ਲਗਾ ਦਿੱਤਾ ਕਿ ਜਾਂਚ ਸੀ. ਬੀ. ਆਈ. ਤੋਂ ਨਹੀਂ ਹੋਵੇਗੀ। ਉਨ੍ਹਾਂ ਦਾ ਤਰਕ ਸੀ ਕਿ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਨਾਲ ਉਤਰਾਖੰਡ ਵਿਚ ਸੜਕ ਉਸਾਰੀ ਦੇ ਕੰਮਾਂ ਵਿਚ ਅੜਿੱਕਾ ਪੈ ਜਾਵੇਗਾ। ਇਨ੍ਹਾਂ ਮੁਲਜ਼ਮਾਂ ਦੇ ਫਰਾਰ ਹੋਣ ਦੀ ਜਾਣਕਾਰੀ ਨੂੰ ਅਜੇ ਤੱਕ ਦਬਾ ਕੇ ਰੱਖਿਆ ਗਿਆ ਹੈ।
'ਜਗ ਬਾਣੀ' ਨੂੰ ਆਪਣੀ ਖਾਸ ਪੜਤਾਲ ਵਿਚ ਪਤਾ ਲੱਗਾ ਕਿ ਕੁਲ 8 ਮੁਲਜ਼ਮ ਅਜਿਹੇ ਹਨ ਜੋ ਮੂਲ ਰੂਪ ਵਿਚ ਪੰਜਾਬ ਦੇ ਰਹਿਣ ਵਾਲੇ ਹਨ। ਉਤਰਾਖੰਡ ਵਿਚ ਉਨ੍ਹਾਂ ਦੀ ਰਿਹਾਇਸ਼ 'ਤੇ ਤਾਲੇ ਲੱਗੇ ਹੋਏ ਹਨ। ਉਹ ਇਹ ਘਰ ਛੱਡ ਕੇ ਜਾ ਚੁੱਕੇ ਹਨ, ਜਦਕਿ ਪੰਜਾਬ ਵਿਚ ਵੀ ਉਨ੍ਹਾਂ ਦੀ ਲੋਕੇਸ਼ਨ ਟਰੇਸ ਨਹੀਂ ਹੋ ਰਹੀ। ਇਸ ਲਈ ਜਾਂਚ ਕਰ ਰਹੀ ਐੱਸ. ਆਈ. ਟੀ. ਨੂੰ ਉਨ੍ਹਾਂ ਦੇ ਵਿਦੇਸ਼ ਭੱਜਣ ਦਾ ਖਦਸ਼ਾ ਹੈ।
ਊਧਮ ਸਿੰਘ ਨਗਰ ਦੇ ਐੱਸ. ਐੱਸ. ਪੀ. ਸਦਾਨੰਦ ਦਾਤੇ ਨੇ ਵੀ ਮੰਨਿਆ ਕਿ  8 ਮੁਲਜ਼ਮਾਂ ਨੇ ਆਪਣਾ ਭੇਸ ਬਦਲ ਲਿਆ ਅਤੇ ਉਨ੍ਹਾਂ ਦੀ ਲੋਕੇਸ਼ਨ ਕਿਤੇ ਵੀ ਟਰੇਸ ਨਹੀਂ ਹੋ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਇਸ ਗੱਲ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮ ਵਿਦੇਸ਼ ਨਾ ਭੱਜ ਸਕਣ। ਇਸਦੇ ਲਈ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸਦੇ ਬਾਵਜੂਦ ਜੇਕਰ ਕੁਝ ਵਿਅਕਤੀ ਵਿਦੇਸ਼ ਭੱਜਣ ਵਿਚ ਸਫਲ ਹੋ ਚੁੱਕੇ ਹਨ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਇੰਟਰਪੋਲ ਦੀ ਮਦਦ ਲਈ ਜਾਵੇਗੀ। ਐੱਨ. ਐੱਚ. ਘਪਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਅਜੇ ਤੱਕ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ ਐੱਸ. ਡੀ. ਐੱਮ., ਪੀ. ਸੀ. ਐੱਸ. ਅਧਿਕਾਰੀ, ਤਹਿਸੀਲ ਮੁਲਾਜ਼ਮ ਤੇ ਕਿਸਾਨ ਵੀ ਸ਼ਾਮਲ ਹਨ। ਇਹ ਸਾਰੇ ਘਪਲੇ ਦੇ ਸਮੇਂ ਕਿਸੇ ਨਾ ਕਿਸੇ ਅਹੁਦੇ 'ਤੇ ਊਧਮ ਸਿੰਘ ਨਗਰ ਵਿਚ ਹੀ ਤਾਇਨਾਤ ਸਨ।