ਮੁਜ਼ੱਫਰਨਗਰ ਸਕੂਲ ਥੱਪੜ ਕਾਂਡ: SC ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਕੀਤਾ ਜਵਾਬ ਤਲਬ

09/06/2023 4:26:33 PM

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਸਕੂਲ 'ਚ ਇਕ ਮੁਸਲਿਮ ਵਿਦਿਆਰਥੀ ਨੂੰ ਥੱਪੜ ਮਾਰਨ ਦੇ ਮਾਮਲੇ 'ਚ ਦਰਜ FIR 'ਤੇ ਬੁੱਧਵਾਰ ਨੂੰ ਸੁਣਵਾਈ ਕਰਦਿਆਂ ਉੱਤਰ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਸਥਿਤੀ ਦੀ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿੱਤਾ। ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਬੁੱਧਵਾਰ ਨੂੰ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਅਤੇ ਸਬੰਧਤ ਪੁਲਸ ਅਧਿਕਾਰੀ ਤੋਂ ਜਾਂਚ ਦੀ ਸਥਿਤੀ ਅਤੇ ਰਿਪੋਰਟ ਅਦਾਲਤ ਵਿਚ ਦਾਇਰ ਕਰਨ ਦਾ ਹੁਕਮ ਦਿੱਤਾ। 

ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 25 ਸਤੰਬਰ ਦੀ ਤਾਰੀਖ਼ ਤੈਅ ਕੀਤੀ ਹੈ। ਇਸ ਸਨਸਨੀਖੇਜ਼ ਘਟਨਾ ਦੇ ਵਾਇਰਲ ਵੀਡੀਓ ਵਿਚ ਜਮਾਤ ਦੀ ਅਧਿਆਪਕਾ ਨੂੰ ਹੋਰ ਵਿਦਿਆਰਥੀਆਂ ਨੂੰ ਇਕ ਮੁਸਲਿਮ ਵਿਦਿਆਰਥੀ ਨੂੰ ਥੱਪੜ ਮਾਰਨ ਲਈ ਉਤਸ਼ਾਹਿਤ ਕਰਦੇ ਵਿਖਾਇਆ ਗਿਆ, ਜਿਸ ਨਾਲ ਪੂਰੇ ਦੇਸ਼ ਵਿਚ ਰੋਹ ਫੈਲ ਗਿਆ। 

ਦੱਸ ਦੇਈਏ ਕਿ ਇਸ ਸਾਲ 24 ਅਗਸਤ ਨੂੰ ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ, ਜਿਸ 'ਚ ਮੁਜ਼ੱਫਰਨਗਰ ਦੇ ਇਕ ਪਿੰਡ ਵਿਚ ਪ੍ਰਾਈਵੇਟ ਸਕੂਲ ਵਿਚ ਸਾਥੀ ਵਿਦਿਆਰਥੀਆਂ ਵਲੋਂ 7 ਸਾਲ ਦੇ ਇਕ ਵਿਦਿਆਰਥੀ ਨੂੰ ਉਨ੍ਹਾਂ ਦੀ ਅਧਿਆਪਕਾ ਤ੍ਰਿਪਤੀ ਤਿਆਗੀ ਦੇ ਨਿਰਦੇਸ਼ਾਂ 'ਤੇ ਥੱਪੜ ਮਾਰਿਆ ਗਿਆ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਕਿ ਮੁਜ਼ੱਫਰਨਗਰ ਦੇ ਨੇਹਾ ਪਬਲਿਕ ਸਕੂਲ ਵਿਚ ਵਾਪਰੀ ਭਿਆਨਕ ਘਟਨਾ ਦਾ ਉਨ੍ਹਾਂ ਵਿਦਿਆਰਥੀਆਂ 'ਤੇ ਵੀ ਖ਼ਤਰਨਾਕ ਪ੍ਰਭਾਵ ਪਿਆ, ਜੋ ਇਸ ਨੂੰ ਵੇਖਦੇ ਹਨ, ਜਿਸ ਨਾਲ ਡਰ, ਚਿੰਤਾ, ਅਸਹਿਣਸ਼ੀਲਤਾ ਦਾ ਮਾਹੌਲ ਬਣਦਾ ਹੈ, ਜੋ ਸਿੱਖਣ ਲਈ ਅਸੰਗਤ ਹੈ।
 

Tanu

This news is Content Editor Tanu