ਬਾਗਪਤ ਜੇਲ 'ਚ ਮੁੰਨਾ ਬਜਰੰਗੀ ਦਾ ਗੋਲੀ ਮਾਰ ਕੇ ਕੀਤਾ ਕਤਲ

07/09/2018 2:08:52 PM

ਬਾਗਪਤ— ਯੂ. ਪੀ. ਦੇ. ਕੁਖਪਾਤ ਮਾਫੀਆ ਡਾਨ ਪ੍ਰੈੱਸ ਸਿੰਘ ਉਰਫ ਮੁੰਨਾ ਬਜਰੰਗੀ ਦਾ ਬਾਗਪਤ ਜੇਲ 'ਚ ਕਤਲ ਕਰ ਦਿੱਤਾ ਗਿਆ ਹੈ। ਸਾਬਕਾ ਬਸਪਾ ਵਿਧਾਇਕ ਲੋਕੇਸ਼ ਦੀਕਸ਼ਿਤ ਨਾਲ ਰੰਗਦਾਰੀ ਮੰਗਣ ਦੇ ਦੋਸ਼ 'ਚ ਬਾਗਪਤ ਕੋਰਟ 'ਚ ਮੁੰਨਾ ਬਜਰੰਗੀ ਦੀ ਪੇਸ਼ੀ ਹੋਣੀ ਸੀ। ਉਸ ਨੂੰ ਐਤਵਾਰ ਝਾਂਸੀ ਤੋਂ ਬਾਗਪਤ ਲਿਆਂਦਾ ਗਿਆ ਸੀ। ਇਸ ਦੌਰਾਨ ਜੇਲ 'ਚ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁੰਨਾ ਬਜਰੰਗੀ ਦਾ ਅਸਲੀ ਨਾਂ ਪ੍ਰੇਮ ਪ੍ਰਕਾਸ਼ ਸਿੰਘ ਹੈ। ਉਸ ਦਾ ਜਨਮ 1967 'ਚ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਦੇ ਪੂਰੇਦਿਆਲ ਪਿੰਡ 'ਚ ਹੋਇਆ ਸੀ। ਉਸ ਨੂੰ ਜੌਨਪੁਰ ਦੇ ਦਬੰਗ ਗਜਰਾਜ ਸਿੰਘ ਦਾ ਸਹਿਯੋਗ ਹਾਸਲ ਹੋਇਆ। ਇਸ ਦੌਰਾਨ 1984 'ਚ ਮੁੰਨਾ ਨੇ ਲੁੱਟ ਲਈ ਇਕ ਵਪਾਰੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਗਜਰਾਜ ਦੇ ਇਸ਼ਾਰੇ 'ਤੇ ਹੀ ਜੌਨਪੁਰ ਦੇ ਭਾਜਪਾ ਨੇਤਾ ਰਾਮਚੰਦਰ ਸਿੰਘ ਦਾ ਕਤਲ ਕਰਕੇ ਪੂਰਵਾਂਚਲ 'ਚ ਆਪਣੀ ਤਾਕਤ ਦਿਖਾਈ। 90 ਦੇ ਦਹਾਕੇ 'ਚ ਪੂਰਵਾਂਚਲ ਦੇ ਬਾਹੁਬਲੀ ਮੁਖਤਿਆਰ ਅੰਸਾਰੀ ਗੈਂਗ 'ਚ ਸ਼ਾਮਲ ਹੋ ਗਿਆ ਸੀ। 
ਜਾਣਕਾਰੀ ਮੁਤਾਬਕ ਮੁਖਤਿਆਰ ਅੰਸਾਰੀ, ਗੈਂਗ ਮਊ ਨਾਲ ਕੰਮ ਕਰ ਰਿਹਾ ਸੀ ਪਰ ਇਸ ਦਾ ਅਸਰ ਪੂਰੇ ਪੂਰਵਾਂਚਲ 'ਤੇ ਸੀ। ਮੁਖਤਿਆਰ ਨੇ ਅਪਰਾਧ ਦੀ ਦੁਨੀਆ 'ਚ ਸਿਆਸਤ 'ਚ ਕਦਮ ਰੱਖਿਆ।ਇਸ ਤੋਂ ਬਾਅਦ ਇਸ ਗੈਂਗ ਦੀ ਤਾਕਤ ਬਹੁਤ ਵਧ ਗਈ। ਮੁੰਨਾ ਸਿੱਧਾ ਹੀ ਸਰਕਾਰੀ ਠੇਕਿਆਂ ਨੂੰ ਪ੍ਰਭਾਵਿਤ ਕਰਨ ਲੱਗਾ ਸੀ ਅਤੇ ਮੁਖਤਿਆਰ ਦਾ ਖਾਸ ਆਦਮੀ ਬਣ ਗਿਆ। ਪੂਰਵਾਂਚਲ 'ਚ ਸਰਕਾਰੀ ਠੇਕਿਆਂ ਅਤੇ ਵਸੂਲੀ ਦੇ ਕਾਰੋਬਾਰ 'ਤੇ ਮੁਖਤਿਆਰ ਅੰਸਾਰੀ ਦਾ ਕਬਜ਼ਾ ਸੀ ਪਰ ਇਸ ਦੌਰਾਨ ਤੇਜ਼ੀ ਨਾਲ ਉਭਰਦੇ ਭਾਜਪਾ ਦੇ ਵਿਧਾਇਕ ਕ੍ਰਿਸ਼ਨਾਨੰਦ ਰਾਏ ਉਸ ਲਈ ਚੁਣੌਤੀ ਬਣਨ ਲੱਗੇ। ਉਨ੍ਹਾਂ 'ਤੇ ਮੁਖਤਿਆਰ ਦੇ ਦੁਸ਼ਮਣ ਬ੍ਰਿਜੇਸ਼ ਸਿੰਘ ਦਾ ਹੱਥ ਸੀ। ਉਸ ਦੇ ਸਹਿਯੋਗ 'ਚ ਕ੍ਰਿਸ਼ਨਾਨੰਦ ਰਾਏ ਦੀ ਗੈਂਗ ਵਧ ਰਹੀ ਸੀ। 
ਦੱਸਣਯੋਗ ਹੈ ਕਿ ਇਨ੍ਹਾਂ ਦੇ ਸੰਬੰਧ ਅੰਡਰਵਰਲਡ ਨਾਲ ਵੀ ਜੁੜੇ ਗਏ ਸਨ। ਕ੍ਰਿਸ਼ਨਾਨੰਦ ਰਾਏ ਦਾ ਵਧਦਾ ਪ੍ਰਭਾਵ ਮੁਖਤਿਆਰ ਨੂੰ ਰਾਸ ਨਹੀਂ ਆ ਰਿਹਾ ਸੀ। ਉਸ ਨੇ ਕ੍ਰਿਸ਼ਨਾਨੰਦ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਮੁੰਨਾ ਨੂੰ ਸੌਂਪ ਦਿੱਤੀ। ਮੁਖਤਿਆਰ ਤੋਂ ਫਰਮਾਨ ਮਿਲ ਜਾਣ ਤੋਂ ਬਾਅਦ ਮੁੰਨਾ ਬਜਰੰਗੀ ਨੇ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। 29 ਨਵੰਬਰ 2005 ਨੂੰ ਕ੍ਰਿਸ਼ਨਾਨੰਦ ਦਾ ਕਤਲ ਕਰ ਦਿੱਤਾ ਗਿਆ । ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਮੁੰਨਾ ਦੇ ਖਿਲਾਫ ਮੁਕੱਦਮੇ ਦਰਜ ਸਨ। ਉਹ ਪੁਲਸ ਲਈ ਪਰੇਸ਼ਾਨੀ ਦਾ ਕਾਰਨ ਬਣ ਚੁੱਕਾ ਸੀ। ਉਸ ਦੇ ਖਿਲਾਫ ਸਭ ਤੋਂ ਜ਼ਿਆਦਾ ਮਾਮਲੇ ਯੂ. ਪੀ. 'ਚ ਦਰਜ ਹਨ। 29 ਅਕਤੂਬਰ 2009 ਨੂੰ ਦਿੱਲੀ ਪੁਲਸ ਨੇ ਮੁੰਨਾ ਨੂੰ ਮੁੰਬਈ ਦੇ ਮਲਾਡ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਐਨਕਾਊਂਟਰ ਦੇ ਡਰ ਤੋਂ ਉਸ ਨੇ ਆਪਣੇ-ਆਪ ਨੂੰ ਗ੍ਰਿਫਤਾਰ ਕਰਵਾਇਆ ਸੀ।