ਸ਼ਿਵ ਸੈਨਾ ਨੂੰ ਵੱਡਾ ਝਟਕਾ, ਭਾਜਪਾ ''ਚ ਸ਼ਾਮਲ ਹੋਏ 400 ਵਰਕਰ

12/05/2019 10:41:10 AM

ਮੁੰਬਈ— ਮੁੰਬਈ ਦੇ ਧਾਰਾਵੀ 'ਚ ਕਰੀਬ 400 ਸ਼ਿਵ ਸੈਨਾ ਵਰਕਰਾਂ ਨੇ ਪਾਰਟੀ ਛੱਡ ਕੇ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰ ਲਈ ਹੈ। ਇਹ ਸ਼ਿਵ ਸੈਨਾ ਲਈ ਵੱਡਾ ਝਟਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਵਰਕਰ ਸ਼ਿਵ ਸੈਨਾ ਦੇ ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਨਾਲ ਮਿਲ ਕੇ ਸਰਕਾਰ ਬਣਾਉਣ ਤੋਂ ਬਹੁਤ ਨਾਰਾਜ਼ ਹਨ। ਵਰਕਰਾਂ ਦਾ ਕਹਿਣਾ ਹੈ ਕਿ ਸ਼ਿਵ ਸੈਨਾ ਨੇ ਭ੍ਰਿਸ਼ਟ ਅਤੇ ਵਿਰੋਧੀ ਦਲਾਂ ਨਾਲ ਹੱਥ ਮਿਲਾਇਆ ਹੈ।

400 ਵਰਕਰਾਂ ਨੇ ਜੁਆਇਨ ਕੀਤੀ ਭਾਜਪਾ
ਭਾਜਪਾ 'ਚ ਸ਼ਾਮਲ ਹੋਣ ਵਾਲੇ ਇਕ ਵਰਕਰ ਰਮੇਸ਼ ਨਾਡਾਰ ਨੇ ਦੱਸਿਆ ਕਿ ਪਾਰਟੀ ਦੇ 400 ਵਰਕਰਾਂ ਨੇ ਭਾਜਪਾ ਜੁਆਇਨ ਕੀਤੀ ਹੈ, ਕਿਉਂਕਿ ਸ਼ਿਵ ਸੈਨਾ ਦੇ ਭ੍ਰਿਸ਼ਟ ਅਤੇ ਹਿੰਦੂ ਵਿਰੋਧੀ ਦਲਾਂ ਨਾਲ ਹੱਥ ਮਿਲਾਉਣ ਨਾਲ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਵਰਕਰਾਂ ਨੇ ਸ਼ਿਵ ਸੈਨਾ 'ਤੇ ਸਿਰਫ਼ ਸਰਕਾਰ ਬਣਾਉਣ ਲਈ ਮਹਾਵਿਕਾਸ ਆਘਾੜੀ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ।

ਲੋਕਾਂ ਨਾਲ ਕਿਵੇਂ ਨਜ਼ਰਾਂ ਮਿਲਾਉਣਗੇ
ਨਾਡਾਰ ਨੇ ਇਹ ਵੀ ਦੱਸਿਆ ਕਿ ਕਈ ਹੋਰ ਵਰਕਰ ਵੀ ਹਨ, ਜੋ ਸ਼ਿਵ ਸੈਨਾ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਤੋਂ ਉਹ ਐੱਨ.ਸੀ.ਪੀ. ਅਤੇ ਕਾਂਗਰਸ ਵਿਰੁੱਧ ਲੜ ਰਹੇ ਹਨ। ਚੋਣਾਂ ਦੌਰਾਨ ਉਨ੍ਹਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਵੋਟ ਮੰਗੇ ਸਨ ਪਰ ਹੁਣ ਉਹ ਉਨ੍ਹਾਂ ਨਾਲ ਕਿਵੇਂ ਨਜ਼ਰਾਂ ਮਿਲਾ ਸਕਣਗੇ, ਜਿਨ੍ਹਾਂ ਤੋਂ ਉਨ੍ਹਾਂ ਨੇ ਇਮਾਨਦਾਰ ਸਰਕਾਰ ਬਣਾਉਣ ਲਈ ਵੋਟ ਮੰਗੇ ਸਨ।

DIsha

This news is Content Editor DIsha