ਦਿੱਲੀ : ਸਿੱਖ ਦੀ ਸ਼ਰੇਆਮ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਦੀ ਬਰਖਾਸਤੀ 'ਤੇ ਬੋਲੇ ਸਿਰਸਾ

07/25/2019 5:02:55 PM

ਨਵੀਂ ਦਿੱਲੀ (ਕਮਲ ਕੁਮਾਰ)— ਦਿੱਲੀ ਦੇ ਮੁਖਰਜੀ ਨਗਰ ਮਾਮਲੇ 'ਚ ਬੀਤੇ ਮਹੀਨੇ 16 ਜੂਨ ਨੂੰ ਇਕ ਸਿੱਖ ਟੈਂਪੂ ਚਾਲਕ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਬੇਟੇ 'ਤੇ ਹੋਏ ਜ਼ਾਲਮ ਹਮਲੇ ਤੋਂ ਬਾਅਦ ਦਿੱਲੀ ਪੁਲਸ ਨੇ 2 ਕਾਂਸਟੇਬਲਾਂ ਨੂੰ ਬੁੱਧਵਾਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਡੀ. ਸੀ. ਪੀ. ਰਾਕੇਸ਼ ਕੁਮਾਰ ਨੇ ਦੋਹਾਂ ਕਾਂਸਟੇਬਲਾਂ ਨੂੰ ਬਰਖਾਸਤ ਕੀਤਾ ਹੈ। ਡੀ. ਸੀ. ਪੀ. ਦੀ ਇਸ ਕਾਰਵਾਈ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਨੇ ਆਪਣੇ ਟਵੀਟ ਹੈਂਡਲ 'ਤੇ ਲਿਖਿਆ, ''ਇਹ ਸਾਰੀ ਸਿੱਖ ਸੰਗਤ ਲਈ ਵੱਡੀ ਜਿੱਤ ਵਾਂਗ ਹੈ। ਮੁਖਰਜੀ ਨਗਰ ਕੇਸ 'ਚ ਡੀ. ਸੀ. ਪੀ. ਰਾਕੇਸ਼ ਕੁਮਾਰ ਜੀ ਨੇ ਆਪਣੇ ਵਾਅਦੇ ਮੁਤਾਬਕ ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਕਾਂਸਟੇਬਲ ਸੱਤਿਆ ਪ੍ਰਕਾਸ਼ ਨੂੰ ਬਰਖਾਸਤ ਕੀਤਾ। ਇਹ ਦੋਵੇਂ ਟੈਂਪੂ ਚਾਲਕ ਸਰਬਜੀਤ ਸਿੰਘ 'ਤੇ ਹੋਏ ਜ਼ਾਲਮ ਹਮਲੇ 'ਚ ਸ਼ਾਮਲ ਸਨ।''

ਸਿਰਸਾ ਨੇ ਕਾਂਸਟੇਬਲਾਂ ਨੂੰ ਬਰਖਾਸਤ ਕੀਤੇ ਜਾਣ ਨੂੰ ਸਹੀ ਕਦਮ ਦੱਸਿਆ। ਇਸ ਲਈ ਉਨ੍ਹਾਂ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਮਿਲ ਕੇ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਿੱਖਾਂ ਨਾਲ ਹੋਏ ਕਿਸੇ ਵੀ ਮਾਮਲੇ 'ਚ ਸਰਕਾਰ ਤੁਰੰਤ ਐਕਸ਼ਨ ਲੈ ਰਹੀ ਹੈ। ਇਹ ਐੱਨ. ਡੀ. ਏ. ਸਰਕਾਰ ਦੀ ਸਿੱਖਾਂ ਪ੍ਰਤੀ ਸਕਾਰਾਤਮਕ ਸੋਚ ਦਾ ਹੀ ਨਤੀਜਾ ਹੈ। ਇਕ ਯੂ. ਪੀ. ਏ. ਦੀ ਸਰਕਾਰ ਸੀ, ਜਿਸ ਵਿਚ ਸਿੱਖਾਂ 'ਤੇ ਜ਼ੁਲਮ ਕੀਤਾ ਜਾਂਦਾ ਸੀ, ਉੱਥੇ ਹੀ ਇਕ ਐੱਨ. ਡੀ. ਏ. ਦੀ ਸਰਕਾਰ ਹੈ, ਜਿਸ ਵਿਚ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਰਹੀ ਹੈ। ਦੋਹਾਂ ਸਰਕਾਰਾਂ ਦੀ ਸੋਚ ਵਿਚ ਵੱਡਾ ਫਰਕ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁਖਰਜੀ ਨਗਰ 'ਚ ਬੀਤੀ 16 ਜੂਨ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ, ਜਿਸ 'ਚ ਪੁਲਸ ਵਲੋਂ ਸਿੱਖ ਅਤੇ ਉਸ ਦੇ ਨਾਬਾਲਗ ਬੇਟੇ ਦੀ ਕੁੱਟਮਾਰ ਕੀਤੀ ਗਈ। ਦਰਅਸਲ ਸਿੱਖ ਟੈਂਪੂ ਚਾਲਕ ਸਰਬਜੀਤ ਅਤੇ ਪੁਲਸ ਦੀ ਗੱਡੀ ਵਿਚਾਲੇ ਟੱਕਰ ਹੋ ਗਈ ਸੀ। ਇਸ ਤੋਂ ਬਾਅਦ ਸਿੱਖ ਟੈਂਪੂ ਚਾਲਕ ਸਰਬਜੀਤ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਬਹਿਸ ਹੋ ਗਈ, ਜੋ ਕਿ ਹਿੰਸਕ ਹੋ ਗਈ ਸੀ।

Tanu

This news is Content Editor Tanu