ਪਖਾਨੇ ''ਚ ਖੜ੍ਹੇ ਲਾੜੇ ਦੀ ਤਸਵੀਰ ਦੇ ਬਿਨਾਂ ਲਾੜੀ ਨੂੰ ਨਹੀਂ ਮਿਲਣਗੇ 51,000 ਰੁਪਏ

10/10/2019 1:14:53 PM

ਇੰਦੌਰ— ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਕੰਨਿਆ ਵਿਆਹ/ਨਿਕਾਹ ਯੋਜਨਾ ਤਹਿਤ 51,000 ਰੁਪਏ ਲਾੜੀ ਨੂੰ ਉਦੋਂ ਹੀ ਮਿਲਣਗੇ, ਜਦੋਂ ਲਾੜੇ ਦੀ ਪਖਾਨੇ 'ਚ ਖੜ੍ਹੇ ਦੀ ਤਸਵੀਰ ਦਿਖਾਈ ਜਾਵੇਗੀ। ਇਸ ਸਰਕਾਰੀ ਯੋਜਨਾ ਦੇ ਫਾਰਮ ਨੂੰ ਉਦੋਂ ਹੀ ਮਨਜ਼ੂਰ ਕੀਤਾ ਜਾਂਦਾ ਹੈ, ਜਦੋਂ ਲਾੜੇ ਦੇ ਘਰ 'ਚ ਪਖਾਨਾ ਹੋਵੇ। ਘਰ-ਘਰ ਪਖਾਨਿਆਂ ਦੇ ਨਿਰਮਾਣ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਇਸ ਲਈ ਲਾੜਿਆਂ ਨੂੰ ਆਪਣੇ ਘਰ 'ਚ ਬਣੇ ਪਖਾਨਿਆਂ 'ਚ ਖੜ੍ਹੇ ਹੋ ਕੇ ਤਸਵੀਰ ਖਿਚਵਾਉਣਾ ਜ਼ਰੂਰੀ ਹੈ। ਇੱਥੇ ਦੱਸ ਦੇਈਏ ਕਿ ਘਰ-ਘਰ ਪਖਾਨਾ ਹੋਣਾ ਸਵੱਛ ਭਾਰਤ ਮਿਸ਼ਨ ਦਾ ਮਹੱਤਵਪੂਰਨ ਹਿੱਸਾ ਹੈ। 

ਦੱਸਣਯੋਗ ਹੈ ਕਿ ਮੁੱਖ ਮੰਤਰੀ ਕੰਨਿਆ ਵਿਆਹ/ਨਿਕਾਹ ਯੋਜਨਾ ਆਰਥਿਕ ਰੂਪ ਨਾਲ ਪਿਛੜੇ ਵਰਗ ਲਈ ਹੈ। ਪਿਛਲੇ ਸਾਲ 18 ਦਸੰਬਰ ਨੂੰ ਸੱਤਾ 'ਚ ਆਉਣ ਦੇ ਇਕ ਦਿਨ ਬਾਅਦ ਕਾਂਗਰਸ ਸਰਕਾਰ ਨੇ ਇਸ ਯੋਜਨਾ ਤਹਿਤ ਆਰਥਿਕ ਰਾਸ਼ੀ 28,000 ਰੁਪਏ ਤੋਂ ਵਧਾ ਕੇ 51,000 ਰੁਪਏ ਕਰ ਦਿੱਤੀ ਸੀ। ਇਸ ਤੋਂ ਬਾਅਦ ਬਿਨੈਕਾਰਾਂ ਦਾ ਸਿਲਸਿਲਾ ਵਧ ਗਿਆ ਅਤੇ ਅਧਿਕਾਰੀਆਂ ਲਈ ਘਰ-ਘਰ ਜਾ ਕੇ ਪਖਾਨੇ ਦਾ ਨਿਰੀਖਣ ਕਰਨਾ ਮੁਸ਼ਕਲ ਹੋ ਗਿਆ। ਅਧਿਕਾਰੀ ਹਰ ਕਿਸੇ ਦੇ ਘਰ ਜਾ ਕੇ ਇਹ ਚੈਕ ਕਰਨ ਦੀ ਥਾਂ ਪਖਾਨੇ 'ਚ ਖੜ੍ਹੇ ਲਾੜੇ ਦੀ ਤਸਵੀਰ ਦੀ ਡਿਮਾਂਡ ਕਰ ਰਹੇ ਹਨ।

Tanu

This news is Content Editor Tanu