ਦਿੱਲੀ ''ਚ ਪ੍ਰਦੂਸ਼ਣ ਦੀ ਮਾਰ, ਮਾਸਕ ਪਹਿਨ ਕੇ ਸੰਸਦ ਪੁੱਜੇ ਸੰਸਦ ਮੈਂਬਰ

11/18/2019 3:28:21 PM

ਨਵੀਂ ਦਿੱਲੀ (ਭਾਸ਼ਾ)— ਹਵਾ ਪ੍ਰਦੂਸ਼ਣ ਪ੍ਰਤੀ ਆਪਣੀ ਚਿੰਤਾ ਪ੍ਰਗਟ ਕਰਦੇ ਹੋਏ ਕਈ ਸੰਸਦ ਮੈਂਬਰ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਸੋਮਵਾਰ ਭਾਵ ਅੱਜ ਮਾਸਕ ਪਹਿਨ ਕੇ ਆਏ। ਕੁਝ ਸੰਸਦ ਮੈਂਬਰਾਂ ਨੇ ਸਾਈਕਲ ਅਤੇ ਕੁਝ ਨੇ ਸੰਸਦ ਪਹੁੰਚਣ ਲਈ ਇਲੈਕਟ੍ਰਾਨਿਕ ਵਾਹਨਾਂ ਦੀ ਵਰਤੋਂ ਕੀਤੀ। ਕੇਂਦਰੀ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਇਲੈਕਟ੍ਰਾਨਿਕ ਕਾਰ ਤੋਂ ਸੰਸਦ ਪਹੁੰਚੇ। ਜਾਵਡੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਸਰਕਾਰ ਹੌਲੀ-ਹੌਲੀ ਇਲੈਕਟ੍ਰਾਨਿਕ ਕਾਰਾਂ ਦੀ ਵਰਤੋਂ ਨੂੰ ਵਧਾ ਰਹੀ ਹੈ, ਕਿਉਂਕਿ ਇਹ ਪ੍ਰਦੂਸ਼ਣ ਮੁਕਤ ਹਨ। ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪ੍ਰਦੂਸ਼ਣ ਨਾਲ ਨਜਿੱਠਣ 'ਚ ਯੋਗਦਾਨ ਪਾਉਣ ਅਤੇ ਜਨਤਕ ਟਰਾਂਸਪੋਰਟ ਜਾਂ ਇਲੈਕਟ੍ਰਾਨਿਕ ਵਾਹਨਾਂ ਦੀ ਵਰਤੋਂ ਕਰਨ।''


ਕਾਂਗਰਸ ਸੰਸਦ ਮੈਂਬਰ ਗੌਰਵ ਗੋਗੋਈ ਨੇ ਸੰਸਦ ਭਵਨ ਕੰਪਲੈਕਸ ਵਿਚ ਸਥਾਪਤ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਪ੍ਰਦੂਸ਼ਣ ਦੇ ਵਿਰੋਧ ਦੇ ਰੂਪ 'ਚ ਮਾਸਕ ਪਹਿਨਿਆ। ਉਨ੍ਹਾਂ ਦਾ ਵਿਰੋਧ ਹਵਾ ਪ੍ਰਦੂਸ਼ਣ ਦੇ ਪੱਧਰ 'ਚ ਵਾਧੇ ਨੂੰ ਲੈ ਕੇ ਸੀ। ਭਾਜਪਾ ਸੰਸਦ ਮੈਂਬਰ ਮਨਸੁਖ ਮੰਡਾਵੀਆ ਸਾਈਕਲ ਤੋਂ ਸੰਸਦ ਪਹੁੰਚੇ। 


ਇਸ ਤਰ੍ਹਾਂ ਉਨ੍ਹਾਂ ਦੇ ਪਾਰਟੀ ਸਹਿਯੋਗੀ ਮਨੋਜ ਤਿਵਾੜੀ ਵੀ ਸਾਈਕਲ ਤੋਂ ਸੰਸਦ ਆਏ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰ ਕੇ ਲਗਾਤਾਰ ਸੁਰਖੀਆਂ ਵਿਚ ਬਣੀ ਹੋਈ ਹੈ। ਸੋਮਵਾਰ ਨੂੰ ਦਿੱਲੀ 'ਚ ਹਵਾ ਦੀ ਗੁਣਵੱਤਾ 'ਚ ਮਾਮੂਲੀ ਸੁਧਾਰ ਹੋਇਆ ਪਰ ਇਹ ਲਗਾਤਾਰ ਦੂਜੇ ਦਿਨ ਵੀ 'ਖਰਾਬ' ਸ਼੍ਰੇਣੀ ਵਿਚ ਰਹੀ।

Tanu

This news is Content Editor Tanu