ਮੱਧ ਪ੍ਰਦੇਸ਼ ''ਚ ਵਸੂਲੀ ਕੀਮਤ ਤੋਂ ਹੇਠਾਂ ਖੇਤੀਬਾੜੀ ਵਸਤਾਂ ਨੂੰ ਵੇਚਣਾ ਹੋਵੇਗਾ ਅਪਰਾਧ

06/11/2017 9:15:58 PM

ਭੋਪਾਲ— ਮੱਧ ਪ੍ਰਦੇਸ਼ ਦੇ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੂਬੇ ਵਿਚ ਕਿਸਾਨਾਂ ਦੇ ਹਿੱਤਾਂ ਵਿਚ ਕਈ ਐਲਾਨ ਕਰਦੇ ਹੋਏ ਐਤਵਾਰ ਇਥੇ ਦੂਜੇ ਦਿਨ ਆਪਣਾ ਮਰਨ ਵਰਤ ਖੋਲ੍ਹ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵਸੂਲੀ ਕੀਮਤ ਤੋਂ ਹੇਠਾਂ ਖੇਤੀਬਾੜੀ ਵਸਤਾਂ ਵੇਚਣੀਆਂ ਹੁਣ ਅਪਰਾਧ ਹੋਵੇਗਾ। ਚੌਹਾਨ ਨੇ ਕਿਹਾ ਕਿ ਮੈਂ ਸਾਰੀ ਰਾਤ 2002 ਵਿਚ ਆਈ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਦਾ ਅਧਿਐਨ ਕੀਤਾ। ਰਿਪੋਰਟ ਦੀਆਂ ਸਿਫਾਰਸ਼ਾਂ ਮੁਤਾਬਕ ਕਈ ਫੈਸਲੇ ਲਏ ਹਨ ਅਤੇ ਕੁਝ ਮਾਮਲਿਆਂ ਵਿਚ ਉਸ ਤੋਂ ਵੀ ਵੱਧ ਕੇ ਕਿਸਾਨਾਂ ਦੇ ਹਿੱਤਾਂ ਬਾਰੇ ਫੈਸਲੇ ਲਏ ਗਏ ਹਨ। 
ਮੁਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਅਤੇ ਖਪਤਕਾਰਾਂ ਦਰਮਿਆਨ ਵਿਚੋਲਿਆਂ ਨੂੰ ਘੱਟ ਕਰਨ ਦੇ ਇਰਾਦੇ ਨਾਲ ਸੂਬੇ ਦੀਆਂ ਸਭ ਨਗਰਪਾਲਿਕਾਵਾਂ ਅਤੇ ਨਗਰ ਨਿਗਮਾਂ ਵਿਚ ਕਿਸਾਨ ਬਾਜ਼ਾਰ ਸਥਾਪਿਤ ਕੀਤੇ ਜਾਣਗੇ। ਸੂਬੇ ਵਿਚ ਕਿਸਾਨਾਂ ਕੋਲੋਂ ਦੁੱਧ ਖਰੀਦਣ ਲਈ ਅਮੁਲ ਖਰੀਦ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਇਕ ਹਜ਼ਾਰ ਕਰੋੜ ਰੁਪਏ ਨਾਲ ਇਕ ਫੰਡ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹਾਸਲ ਨਹੀਂ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਪਿੰਡਾਂ ਵਿਚ ਰਹਿਣ ਵਾਲੇ ਹਰ ਕਿਸਾਨ ਨੂੰ ਉਸ ਦੇ ਕਬਜ਼ੇ ਵਾਲੀ ਜ਼ਮੀਨ ਦਾ ਪਟਾ ਦਿੱਤਾ ਜਾਵੇਗਾ। 2 ਲੱਖ ਕਿਸਾਨਾਂ ਨੂੰ ਪਹਿਲਾਂ ਹੀ ਇਹ ਪਟਾ ਦਿੱਤਾ ਜਾ ਚੁੱਕਾ ਹੈ। ਆਪਣਾ ਮਰਨ ਵਰਤ ਤੋੜਨ ਤੋਂ ਪਹਿਲਾਂ ਚੌਹਾਨ ਨੇ ਹਾਜ਼ਰ ਲੋਕਾਂ ਕੋਲੋਂ ਪੁੱਛਿਆ ਕਿ ਹੁਣ ਕਿਉਂਕਿ ਸੂਬੇ ਵਿਚ ਸ਼ਾਂਤੀ ਦੀ ਬਹਾਲੀ ੋਹੋ ਗਈ ਹੈ ਅਤੇ ਸ਼ਨੀਵਾਰ ਤੇ ਐਤਵਾਰ ਮੱਧ ਪ੍ਰਦੇਸ਼ ਦੇ ਕਿਸੇ ਵੀ ਹਿੱਸੇ ਤੋਂ ਹਿੰਸਾ ਦੀ ਕੋਈ ਖਬਰ ਨਹੀਂ ਤਾਂ ਕੀ ਮੈਂ ਆਪਣਾ ਮਰਨ ਵਰਤ ਛੱਡ ਦਿਆਂ ਤਾਂ ਲੋਕਾਂ ਨੇ ਹੱਥ ਖੜ੍ਹੇ ਕਰ ਕੇ ਮਰਨ ਵਰਤ ਖਤਮ ਕਰਨ ਲਈ ਕਿਹਾ। ਭਾਜਪਾ ਦੇ ਸੀਨੀਅਰ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁਖ ਮੰਤਰੀ ਕੈਲਾਸ਼ ਜੋਸ਼ੀ ਨੇ ਚੌਹਾਨ ਨੂੰ ਨਾਰੀਅਲ ਦਾ ਪਾਣੀ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖੁਲ੍ਹਵਾਇਆ।