ਮਾਘੀ ਦੇ ਮੌਕੇ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤਾ ਗੰਗਾ ਸਾਗਰ ''ਚ ਇਸ਼ਨਾਨ

01/15/2018 10:32:45 AM

ਪੱਛਮੀ ਬੰਗਾਲ — ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸ਼ਰਧਾਲੂਆਂ ਦੇ ਨਾਲ ਹੀ ਗੁਆਂਢੀ ਦੇਸ਼ਾਂ ਨੇਪਾਲ, ਭੂਟਾਨ ਅਤੇ ਬੰਗਾਲਦੇਸ਼ ਦੇ ਸ਼ਰਧਾਲੂਆਂ ਨੇ ਵੀ ਮਾਘੀ (ਮਕਰ ਸੰਕ੍ਰਾਂਤੀ) ਦੇ ਮੌਕੇ ਗੰਗਾ ਅਤੇ ਬੰਗਾਲ ਦੀ ਖਾੜੀ ਦੇ ਸੰਗਮ 'ਤੇ ਇਸ਼ਨਾਨ ਕੀਤਾ।
ਸਾਗਰਦੀਪ ਦੇ ਨਾਂ ਨਾਲ ਮਸ਼ਹੂਰ ਗੰਗਾ ਸਾਗਰ ਦੇ ਪਵਿੱਤਰ ਜਲ 'ਚ ਇਸ਼ਨਾਨ ਕਰਨ ਲਈ ਸ਼ਰਧਾਲੂ ਇਥੇ ਤੜਕੇ ਤੋਂ ਹੀ ਆਉਣੇ ਸ਼ੁਰੂ ਹੋ ਗਏ। ਵੱਡੀ ਗਿਣਤੀ 'ਚ ਆਏ ਸ਼ਰਧਾਲੂਆਂ ਨੂੰ ਇਥੇ ਥਾਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪਿਆ।  ਮਾਘੀ ਦੇ ਮੌਕੇ 'ਤੇ ਹਰ ਸਾਲ ਵੱਡੀ ਗਿਣਤੀ 'ਚ ਲੋਕ ਗੰਗਾ ਤੇ ਬੰਗਾਲ ਦੀ ਖਾੜੀ ਦੇ ਸੰਗਮ ਵਾਲੀ ਥਾਂ 'ਤੇ ਇਸ਼ਨਾਨ ਕਰਦੇ ਹਨ। ਕਪਿਲ ਮੁਨੀ ਮੰਦਰ 'ਚ ਪੂਜਾ-ਅਰਚਨਾ ਕਰਦੇ ਹਨ। ਇਸ ਮੌਕੇ ਇਥੇ ਆਏ ਪੁਰੀ ਦੇ ਸ਼ੰਕਰਾਚਾਰੀਆ, ਸਵਾਮੀ ਨਿਸ਼ਚਲਾਨੰਦ ਸਰਸਵਤੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਦੀ ਗੰਗਾ ਸਾਗਰ ਮੇਲੇ ਨੂੰ ਕੁੰਭ ਮੇਲੇ ਵਾਂਗ ਦੇਖੇ ਜਾਣ ਦੀ ਮੰਗ ਦਾ ਸਵਾਗਤ ਕੀਤਾ। ਮਮਤਾ ਨੇ ਹਾਲ ਹੀ 'ਚ ਕਿਹਾ ਸੀ ਕਿ ਇਸ ਮੇਲੇ ਦਾ ਆਯੋਜਨ ਕਈ ਵਰ੍ਹਿਆਂ ਤੋਂ ਹੋ ਰਿਹਾ ਹੈ। ਇਥੇ ਹਰ ਸਾਲ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ, ਇਸ ਲਈ ਇਸ ਨੂੰ ਕੁੰਭ ਦੇ ਬਰਾਬਰ ਦਰਜਾ ਮਿਲਣਾ ਚਾਹੀਦਾ ਹੈ। ਦੱਖਣੀ 24 ਪਰਗਣਾ ਜ਼ਿਲੇ ਦੇ ਮੈਜਿਸਟ੍ਰੇਟ ਵਾਈ. ਰਤਨਾਕਰ ਨੇ ਦੱਸਿਆ ਕਿ 65 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਅੱਜ ਇਥੇ ਇਸ਼ਨਾਨ ਕੀਤਾ।