ਰੇਲਵੇ ਨੇ ਰੱਦ ਕੀਤੀਆਂ 500 ਤੋਂ ਵਧ ਟ੍ਰੇਨਾਂ, ਘਰੋਂ ਨਿਕਲਣ ਤੋਂ ਪਹਿਲਾਂ ਚੈਕ ਕਰੋ ਲਿਸਟ

01/17/2020 11:31:49 AM

ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਧੁੰਦ ਅਤੇ ਹੋਰ ਕਾਰਨਾਂ ਕਰਕੇ ਕਈ ਟ੍ਰੇਨਾਂ ਦੀ ਰਫਤਾਰ ਨੂੰ ਬ੍ਰੇਕ ਲਗਾ ਦਿੱਤੀ ਹੈ। ਅੱਜ ਯਾਨੀ ਕਿ ਸ਼ੁੱਕਰਵਾਰ(17.01.2020) ਨੂੰ ਐਕਸਪ੍ਰੈੱਸ ਟ੍ਰੇਨਾਂ ਸਮੇਤ 500 ਤੋਂ ਜ਼ਿਆਦਾ ਰੇਲਗੱਡੀਆਂ ਕੈਂਸਲ ਕਰ ਦਿੱਤੀਆਂ ਗਈਆਂ ਹਨ ਅਤੇ ਕੁਝ ਟ੍ਰੇਨਾਂ ਦੇ ਰੂਟ ਬਦਲੇ ਗਏ ਹਨ। ਰੇਲਵੇ ਦੀ ਵੈਬਸਾਈਟ ਨੈਸ਼ਨਲ ਟ੍ਰੇਨ ਇੰਕੁਆਇਰੀ ਸਿਸਟਮ(NTES) 'ਤੇ ਕੈਂਸਲ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।

ਰੇਲਵੇ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 352 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਨਾਲ ਕੈਂਸਲ ਕੀਤੇ ਜਾਣ ਤੋਂ ਇਲਾਵਾ 161 ਟ੍ਰੇਨਾਂ ਨੂੰ ਅੰਸ਼ਿਕ ਤੌਰ 'ਤੇ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 22 ਟ੍ਰੇਨਾਂ ਨੂੰ ਡਾਇਵਰਟ ਕੀਤਾ ਗਿਆ ਹੈ। ਜਿਹੜੀਆਂ ਟ੍ਰੇਨਾਂ ਨੂੰ ਕੈਂਸਲ ਕੀਤਾ ਗਿਆ ਹੈ ਉਨ੍ਹਾਂ 'ਚ ਐਕਸਪ੍ਰੈੱਸ, ਪੈਸੰਜਰ ਅਤੇ ਸੂਪਰ ਫਾਸਟ ਟ੍ਰੇਨਾਂ ਦੇ ਨਾਲ ਕੁਝ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਸਫਰ ਕਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਟ੍ਰੇਨਾਂ ਦੀ ਸੂਚੀ ਜ਼ਰੂਰ ਚੈੱਕ ਕਰ ਲਓ।

ਇਸ ਤੋਂ ਇਲਾਵਾ ਵਿਭਾਗ ਵਲੋਂ ਸਟੇਸ਼ਨਾਂ 'ਤੇ ਵੀ ਕੈਂਸਲ ਕੀਤੀਆਂ ਗਈਆਂ ਟ੍ਰੇਨਾਂ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। 139 ਫੋਨ ਸੇਵਾ 'ਤੇ SMS ਕਰਕੇ ਟ੍ਰੇਨਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ 'ਚ ਰੋਜ਼ ਲਗਭਗ 2.3 ਕਰੋੜ ਲੋਕ ਯਾਤਰਾ ਕਰਦੇ ਹਨ। ਕਈ ਵਾਰ ਧੁੰਦ ਜਾਂ ਫਿਰ ਪਟੜੀਆਂ ਦੀ ਮੁਰੰਮਤ ਲਈ ਵੀ ਟਰੈਫਿਕ ਬਲਾਕ ਕੀਤਾ ਜਾਂਦਾ ਹੈ।