ਜਾਣੋ ਸਵਿਸ ਬੈਂਕਾਂ ''ਚ ਕਿਸ ਦੇਸ਼ ਦਾ ਹੈ ਸਭ ਤੋਂ ਜ਼ਿਆਦਾ ਪੈਸਾ, 74ਵੇਂ ਨੰਬਰ ''ਤੇ ਭਾਰਤ

07/03/2019 5:39:26 PM

ਲੰਡਨ/ਨਵੀਂ ਦਿੱਲੀ— ਹਾਲ ਹੀ 'ਚ ਸਵਿਸ ਬੈਂਕਾਂ 'ਚ ਜਮਾ ਰਕਮ ਨੂੰ ਲੈ ਕੇ ਇਕ ਰਿਪੋਰਟ ਜਾਰੀ ਹੋਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਇਥੇ ਦੀਆਂ ਬੈਂਕਾਂ 'ਚ ਸਭ ਤੋਂ ਜ਼ਿਆਦਾ ਪੈਸਾ ਬ੍ਰਿਟੇਨ ਦਾ ਹੈ। ਸਵਿਸ ਨੈਸ਼ਨਲ ਬੈਂਕ ਦੀ ਰਿਪੋਰਟ ਮੁਤਾਬਕ 2018 'ਚ ਕੁੱਲ ਜਮਾ ਰਕਮ ਦਾ 26 ਫੀਸਦੀ ਹਿੱਸਾ ਬ੍ਰਿਟੇਨ ਦੇ ਵਪਾਰੀਆਂ ਦਾ ਸੀ। ਉਥੇ ਹੀ ਸਵਿਸ ਬੈਂਕਾਂ 'ਚ ਭਾਰਤੀਆਂ ਦੇ ਪੈਸਾ ਰੱਖਣ 'ਚ ਹੌਲੀ-ਹੌਲੀ ਕਮੀ ਆਈ ਹੈ। ਭਾਰਤੀ ਇਸ ਵੇਲੇ ਇਸ ਲਿਸਟ 'ਚ 74ਵੇਂ ਨੰਬਰ 'ਤੇ ਹੈ।

ਪਿਛਲੇ ਸਾਲ ਭਾਰਤੀਆਂ ਦੀ ਜਮਾ ਰਕਮ 'ਚ 6 ਫੀਸਦੀ ਦੀ ਕਮੀ ਆਈ ਸੀ। ਉਸ ਵੇਲੇ ਭਾਰਤ ਦੀ ਰੈਂਕਿੰਗ 73 ਸੀ। ਸਵਿਸ ਬੈਂਕਾਂ 'ਚ ਜਮਾ ਰਕਮ 'ਚ ਭਾਰਤੀਆਂ ਦਾ ਹਿੱਸਾ 0.07 ਫੀਸਦੀ ਹੈ। ਸਵਿਸ ਬੈਂਕਾਂ 'ਚ ਪੈਸਾ ਰੱਖਣ ਵਾਲੇ ਚੋਟੀ ਦੇ ਪੰਜ ਦੇਸ਼ਾਂ 'ਚ ਅਮਰੀਕਾ ਵੀ ਸ਼ਾਮਲ ਹੈ। ਉਸ ਤੋਂ ਬਾਅਦ ਵੈਸਟਇੰਡੀਜ਼, ਫਰਾਂਸ ਤੇ ਹਾਂਗਕਾਂਗ ਦਾ ਨੰਬਰ ਆਉਂਦਾ ਹੈ। ਇਨ੍ਹਾਂ ਦੇਸ਼ਾਂ ਦਾ ਹਿੱਸਾ ਕੁੱਲ ਜਮਾ ਰਕਮ ਦਾ 50 ਫੀਸਦੀ ਤੋਂ ਜ਼ਿਆਦਾ ਹੈ। 

ਉਥੇ ਹੀ ਭਾਰਤ ਤੇ ਉਸ ਦੇ ਗੁਆਂਢੀ ਦੇਸ਼ ਸਵਿਸ ਬੈਂਕਾਂ 'ਚ ਪੈਸਾ ਰੱਖਣ ਦੇ ਮਾਮਲੇ 'ਚ ਬਹੁਤ ਪਿੱਛੇ ਹਨ। ਇਸ ਸੂਚੀ 'ਚ ਪਾਕਿਸਤਾਨ 82, ਬੰਗਲਾਦੇਸ਼ 89, ਨੇਪਾਲ 109, ਸ਼੍ਰੀਲੰਕਾ 141, ਮਿਆਂਮਾਰ 187 ਤੇ ਭੂਟਾਨ 193ਵੇਂ ਨੰਬਰ 'ਤੇ ਹੈ। 1996 'ਚ ਭਾਰਤ ਟਾਪ 50 ਦੇਸ਼ਾਂ 'ਚ ਸ਼ਾਮਲ ਸੀ। 2007 ਤੋਂ ਬਾਅਦ ਭਾਰਤ ਦੀ ਰੈਂਕਿੰਗ 'ਚ ਗਿਰਾਵਟ ਆਉਣੀ ਸ਼ੁਰੂ ਹੋ ਗਈ। 2018 'ਚ ਭਾਰਤੀਆਂ ਦੀ ਜਮਾ ਰਕਮ 'ਚ 6 ਫੀਸਦੀ ਦੀ ਕਮੀ ਦੇਖੀ ਗਈ। ਉਦੋਂ ਭਾਰਤ ਵਲੋਂ ਸਵਿਸ ਬੈਂਕਾਂ 'ਚ ਜਮਾ ਰਾਸ਼ੀ ਕਰੀਬ 6757 ਕਰੋੜ ਰੁਪਏ ਸੀ।

ਆਪਣੀ ਬਾਦਸ਼ਾਹਤ ਕਾਇਮ ਕਰਨ ਵਾਲੇ ਬ੍ਰਿਟੇਨ ਦਾ 372 ਅਰਬ ਸਵਿਸ ਫ੍ਰੈਂਕਸ ਸਵਿਸ ਬੈਂਕਾਂ 'ਚ ਜਮਾ ਹੈ, ਜੋ ਕਿ ਬੀਤੇ ਸਾਲ 403 ਅਰਬ ਸੀ। ਇਹ ਰਾਸ਼ੀ ਸਵਿਸ ਬੈਂਕਾਂ 'ਚ ਜਮਾ ਕੁੱਲ ਵਿਦੇਸ਼ੀ ਰਾਸ਼ੀ ਦਾ 26 ਫੀਸਦੀ ਹੈ। ਇਸ ਦੇ ਮੁਕਾਬਲੇ ਅਮਰੀਕਾ ਦੇ 144 ਅਰਬ ਸਵਿਸ ਫ੍ਰੈਂਕਸ ਸਵਿਸ ਬੈਂਕਾਂ 'ਚ ਜਮਾ ਹਨ ਜਦਕਿ ਬੀਤੇ ਸਾਲ ਇਹ ਰਾਸ਼ੀ 166 ਅਰਬ ਸੀ। ਇਹ ਰਾਸ਼ੀ ਵਿਦੇਸ਼ੀਆਂ ਦੇ ਪੈਸੇ ਦਾ ਕੁੱਲ 10.3 ਫੀਸਦੀ ਹੈ।

Baljit Singh

This news is Content Editor Baljit Singh