ਮੋਦੀ ਦੇ ਯੋਗ ਸਮਾਗਮ ''ਚ 73 ਸਾਲਾਂ ਮਹਿਲਾ ਦੀ ਹੋਈ ਮੌਤ

06/22/2018 3:21:44 PM

ਨੈਸ਼ਨਲ ਡੈਸਕ— ਚੌਥਾ ਅੰਤਰਰਾਸ਼ਟਰੀ ਯੋਗ ਦਿਵਸ ਵੀਰਵਾਰ ਨੂੰ ਦੁਨੀਆਭਰ 'ਚ ਮਨਾਇਆ ਗਿਆ। ਇਸ ਮੌਕੇ 'ਤੇ ਦੇਸ਼ ਭਰ 'ਚ 5000 ਤੋਂ ਜ਼ਿਆਦਾ ਸਮਾਗਮ ਆਯੋਜਿਤ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਹਰਾਦੂਨ ਦੇ ਫਾਰੇਸਟ ਇੰਸਟੀਚਿਊਟ 'ਚ 50 ਹਜ਼ਾਰ ਲੋਕਾਂ ਨਾਲ ਯੋਗ ਕੀਤਾ ਪਰ ਇਸ ਸਮਾਗਮ 'ਚ ਯੋਗ ਕਰਨ ਦੌਰਾਨ ਇਕ 73 ਸਾਲਾਂ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ। 
ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਯੋਗ ਸਮਾਗਮ 'ਚ 50 ਹਜ਼ਾਰ ਲੋਕਾਂ ਵਿਚਕਾਰ 73 ਸਾਲਾਂ ਬਜ਼ੁਰਗ ਮਹਿਲਾ ਸੁਧਾ ਮਿਸ਼ਰਾ ਵੀ ਮੌਜੂਦ ਸੀ ਪਰ ਯੋਗ ਕਰਦੇ ਹੋਏ ਉਹ ਅਚਾਨਕ ਬੇਹੋਸ਼ ਹੋ ਕੇ ਡਿੱਗ ਪਈ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਨਜ਼ਦੀਕ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੇਹਰਾਦੂਨ ਦੇ ਐੱਸ. ਪੀ. ਰਾਏ ਨੇ ਦੱਸਿਆ ਕਿ ਸਮਾਗਮ ਸਥਾਨ 'ਤੇ ਪਹਿਲਾਂ ਤੋਂ ਹੀ ਐਂਬੂਲੈਂਸ ਅਤੇ ਮੈਡੀਕਲ ਕੈਂਪ ਦੀ ਵਿਵਸਥਾ ਸੀ। ਪੁਲਸ ਨੇ ਦੱਸਿਆ ਕਿ ਬੋਹੇਸ਼ ਹੋਣ ਤੋਂ ਬਾਅਦ ਤੁਰੰਤ ਹੀ ਬਜ਼ੁਰਗ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਜੀ ਜਾਨ ਨਾ ਬਚ ਸਕੀ। 
ਦੱਸ ਦੇਈਏ ਕਿ ਐੱਫ. ਆਰ. ਆਈ. 'ਚ ਆਯੋਜਿਤ ਯੋਗ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਜ਼ਾਰਾਂ ਲੋਕਾਂ ਨਾਲ ਯੋਗ ਕੀਤਾ ਸੀ। ਇਸ ਦੌਰਾਨ ਪੀ. ਐੱਮ. ਨੇ ਕਿਹਾ ਸੀ ਕਿ ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਭਾਲ 'ਚ ਯੋਗ ਅੱਜ ਇਕ ਜਨ ਅੰਦੋਲਨ ਬਣ ਚੁੱਕਾ ਹੈ। ਇਸ ਸਮਾਗਮ 'ਚ ਉਤਰਾਖੰਡ ਦੇ ਰਾਜਪਾਲ ਡਾਕਟਰ ਕੇ.ਕੇ.ਪਾਲ, ਮੁੱਖ ਮੰਤਰੀ ਤ੍ਰਿਵੇਂਦਰ ਰਾਵਤ, ਕੇਂਦਰੀ ਆਯੁਸ਼ ਮੰਤਰੀ ਅਤੇ ਉਤਰਾਖੰਡ ਦੇ ਆਯੁਸ਼ ਮੰਤਰੀ ਹਰਕ ਸਿੰਘ ਰਾਵਤ ਵੀ ਮੌਜੂਦ ਰਹੇ।