ਅੱਜ ਦੇਸ਼ ਭਰ 'ਚ ਮਨਾਈ ਜਾ ਰਹੀ ਈਦ, ਮੋਦੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ

06/16/2018 5:20:21 PM

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਕੋਵਿੰਦ ਨੇ ਟਵਿਟਰ 'ਤੇ ਲਿਖੇ ਆਪਣੇ ਸੰਦੇਸ਼ 'ਚ ਕਿਹਾ ਹੈ ਕਿ ਸਾਰੇ ਦੇਸ਼ਵਾਸੀ ਖਾਸ ਤੌਰ 'ਤੇ ਦੇਸ਼ਾਂ ਅਤੇ ਵਿਦੇਸ਼ਾਂ 'ਚ ਰਹਿ ਰਹੇ ਸਾਡੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਈਦ ਮੁਬਾਰਕ। ਇਹ ਸ਼ੁੱਭ ਦਿਨ ਤੁਹਾਡੇ ਸਭ ਦੇ ਪਰਿਵਾਰਾਂ ਲਈ ਖੁਸ਼ੀਆਂ ਅਤੇ ਜਸ਼ਨ ਲਿਆਏ ਅਤੇ ਸਾਡੇ ਸਾਂਝੇ ਸਮਾਜ 'ਚ ਭਾਈਚਾਰੇ, ਆਪਸੀ ਸਦਭਾਵਨਾ ਅਤੇ ਮੇਲ-ਮਿਲਾਪ ਨੂੰ ਮਜ਼ਬੂਤ ਬਣਾਵੇ। 

ਜਾਣਕਾਰੀ ਮੁਤਾਬਕ ਰਾਸ਼ਟਰਪਤੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਹਿੰਦੀ, ਅੰਗਰੇਜ਼ੀ ਅਤੇ ਊਰਦੂ ਤਿੰਨਾਂ ਭਾਸ਼ਾਵਾਂ 'ਚ ਈਦ ਦੀ ਵਧਾਈ ਦਿੱਤੀ। ਮੋਦੀ ਨੇ ਈਦ ਦੀ ਵਧਾਈ ਦਿੰਦੇ ਹੋਏ ਸਮਾਜ 'ਚ ਏਕਤਾ ਅਤੇ ਸਦਭਾਵਨਾ ਵਧਣ ਦੀ ਇੱਛਾ ਕੀਤੀ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਕਿ ਈਦ ਮੁਬਾਰਕ। ਮੈਂ ਪ੍ਰਮਾਤਮਾ ਤੋਂ ਪ੍ਰਾਥਨਾ ਕਰਦਾ ਹਾਂ ਕਿ ਇਹ ਦਿਨ ਸਮਾਜ 'ਚ ਏਕਤਾ, ਸਦਭਾਵਨਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰੇ।