ਮੋਦੀ ਆਪਣੇ ਦੋ ਦਿਨੀਂ ਦੌਰੇ ਲਈ ਨੇਪਾਲ ਹੋਏ ਰਵਾਨਾ

05/11/2018 10:47:27 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨੀਂ ਨੇਪਾਲ ਦੌਰੇ ਲਈ ਸ਼ੁੱਕਰਵਾਰ (11 ਮਈ) ਨੂੰ ਰਵਾਨਾ ਹੋ ਗਏ। ਪੀ. ਐਮ ਮੋਦੀ ਨੇ ਨੇਪਾਲ ਯਾਤਰਾ ਤੋਂ ਪਹਿਲਾਂ ਕੱਲ ਆਪਣੇ ਬਿਆਨ ਵਿਚ ਕਿਹਾ ਕਿ ਨੇਪਾਲ ਲੋਕਤੰਤਰ ਦੇ ਲਾਭਾਂ ਨੂੰ ਫਲਦਾਇਕ ਕਰ ਕੇ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਰਿਹਾ ਹੈ ਅਤੇ ਤੇਜ਼ੀ ਨਾਲ ਆਰਥਿਕ ਤਰੱਕੀ ਅਤੇ ਵਿਕਾਸ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਨੇਪਾਲ ਵਿਚ ਰਾਜਨੀਤਕ ਨੇਤਾਵਾਂ ਅਤੇ ਦੋਸਤਾਂ ਨੂੰ ਮਿਲਣ ਨੂੰ ਲੈ ਕੇ ਉਤਸ਼ਾਹਿਤ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਯਾਤਰਾ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਪਸੀ ਲਾਭ, ਸੁੰਦਰਤਾ ਅਤੇ ਸਮਝ 'ਤੇ ਆਧਾਰਿਤ ਜਨਕੇਂਦਰਿਤ ਸਾਂਝੇਦਾਰੀ ਹੋਰ ਮਜਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯਾਤਰਾ ਬੀਤੇ ਮਹੀਨੇ ਨੇਪਾਲੀ ਪੀ. ਐਮ. ਕੇ.ਪੀ. ਸ਼ਰਮਾ ਓਲੀ ਦੀ ਭਾਰਤ ਯਾਤਰਾ ਤੋਂ ਤੁਰੰਤ ਬਾਅਦ ਹੋ ਰਹੀ ਹੈ। ਨੇਪਾਲੀ ਪੀ. ਐਮ ਕੇ.ਪੀ ਸ਼ਰਮਾ ਓਲੀ ਦੇ ਸੱਦੇ 'ਤੇ ਨੇਪਾਲ ਦੇ ਆਪਣੇ ਦੌਰੇ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਰਵਾਨਾ ਹੋਣ ਤੋਂ ਪਹਿਲਾਂ ਕਿਹਾ, 'ਬਤੌਰ ਪੀ. ਐਮ ਨੇਪਾਲ ਦਾ ਇਹ ਮੇਰਾ ਤੀਜਾ ਦੌਰਾ ਹੈ। ਇਹ ਉਚ ਪੱਧਰੀ ਨਿਯਮਿਤ ਗੱਲਬਾਤ ਉਨ੍ਹਾਂ ਦੀ ਸਰਕਾਰ ਦੇ 'ਗੁਆਂਢੀ ਪਹਿਲੇ' ਦੀ ਨੀਤੀ ਅਤੇ 'ਸਭ ਦਾ ਸਾਥ ਸਭ ਦਾ ਵਿਕਾਸ ਦੇ ਟੀਚੇ ਦੇ ਸੰਕਲਪ ਨੂੰ ਦਰਸਾਉਂਦੀ ਹੈ।'


ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕੱਲ ਇੱਥੇ ਰੋਜ਼ਾਨਾ ਬ੍ਰੀਫਿੰਗ ਵਿਚ ਦੱਸਿਆ ਕਿ ਸੀ ਮੋਦੀ ਦੀ ਯਾਤਰਾ ਜਨਕਪੁਰ ਤੋਂ ਸ਼ੁਰੂ ਹਵੇਗੀ, ਜਿੱਥੇ ਉਹ ਓਲੀ ਨਾਲ ਮਿਲ ਕੇ 'ਰਾਮਾਇਣ ਸਰਕੱਟ' ਦਾ ਉਦਘਾਟਨ ਕਰਨਗੇ ਅਤੇ ਉਥੇ ਇਕ ਨਾਗਰਿਕ ਸਵਾਗਤ ਸਮਾਰੋਹ ਸਭਾ ਨੂੰ ਵੀ ਸੰਬੋਧਿਤ ਕਰਨਗੇ। ਨੇਪਾਲੀ ਮੀਡੀਆ ਦੀ ਰਿਪੋਰਟਾਂ ਮੁਤਾਬਕ ਸ਼੍ਰੀ ਮੋਦੀ ਅੱਜ ਪਟਨਾ ਤੋਂ ਹੈਲੀਕਾਪਟਰ ਤੋਂ ਸਿੱਧੇ ਜਨਕਪੁਰ ਪਹੁੰਚਣਗੇ, ਜਿੱਥੋਂ ਉਹ ਸਿੱਧਾ ਜਾਨਕੀ ਮੰਦਰ ਜਾਣਗੇ, ਜਿੱਥੇ ਸ਼੍ਰੀ ਓਲੀ ਨਾਲ ਰਾਮਾਇਣ ਸਰਕੱਟ ਦਾ ਉਦਘਾਟਨ ਕਰਨਗੇ ਅਤੇ ਜਨਕਪੁਰ ਤੋਂ ਅਯੋਧਿਆ ਲਈ ਬੱਸ ਸੇਵਾ ਵੀ ਸ਼ੁਰੂ ਕਰਨਗੇ। ਇਸ ਪ੍ਰੋਗਰਾਮ ਤੋਂ ਬਾਅਦ ਪੀ. ਐਮ ਜਨਕਪੁਰ ਧਾਮ ਵਿਚ ਨਾਗਰਿਕ ਸਵਾਗਤ ਸਮਾਰੋਹ ਵਿਚ ਸ਼ਿਰਕਤ ਕਰਨਗੇ। ਇਸ ਤੋਂ ਬਾਅਦ ਉਹ ਕਾਠਮੰਡੂ ਜਾਣਗੇ, ਜਿੱਥੇ ਉਨ੍ਹਾਂ ਦੀ ਸਰਕਾਰੀ ਸਨਮਾਨ ਨਾਲ ਆਓ-ਭਗਤ ਕੀਤੀ ਜਾਏਗੀ।

ਕਾਠਮੰਡੂ ਵਿਚ ਮੋਦੀ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਅਤੇ ਉਪ ਰਾਸ਼ਟਰਪਤੀ ਨੰਦ ਕਿਸ਼ੋਰ ਪੁਨ ਨਾਲ ਮੁਲਾਕਾਤ ਤੋਂ ਬਾਅਦ ਪੀ. ਐਮ ਓਲੀ ਨਾਲ ਦੋ-ਪੱਖੀ ਬੈਠਕ ਵਿਚ ਭਾਗ ਲੈਣਗੇ ਅਤੇ ਰਿਮੋਟ ਵੀਡੀਓ ਕਾਨਫਰੈਂਸਿੰਗ ਜ਼ਰੀਏ ਨੇਪਾਲ ਵਿਚ ਬਣਨ ਵਾਲੀ ਸਭ ਤੋਂ ਵੱਡੇ ਪਣਬਿਜਲੀ ਪ੍ਰੋਜੈਕਟ ਅਰੂਣ-3 ਦਾ ਨੀਂਹ ਪੱਥਰ ਰੱਖਣਗੇ। ਮੋਦੀ ਸਾਬਕਾ ਪ੍ਰਧਾਨ ਮੰਤਰੀਆਂ ਸ਼ੇਰਬਹਾਦੁਰ ਦੇਓਬਾ ਅਤੇ ਪੁਸ਼ਪਕਮਲ ਦਹਿਲ ਪ੍ਰਚੰਡ ਨੂੰ ਵੀ ਮਿਲਣਗੇ। ਪੀ. ਐਮ ਕੱਲ ਸਵੇਰੇ ਮਸਤਾਂਗ ਵਿਚ ਕਾਲੀ ਗੰਡਕੀ ਨਦੀ ਕੰਢੇ ਸਥਿਤ ਮੁਕਤੀਨਾਥ ਮੰਦਰ ਦੇ ਦਰਸ਼ਨ ਲਈ ਜਾਣਗੇ ਅਤੇ ਦੁਪਹਿਰ ਬਾਅਦ ਕਾਠਮੰਡੂ ਪਰਤ ਕੇ ਪਸ਼ੁਪਤੀਨਾਥ ਮੰਦਰ ਵਿਚ ਪੂਜਾ-ਅਰਚਨਾ ਕਰਨਗੇ। ਇਸ ਤੋਂ ਬਾਅਦ ਉਹ ਰਾਸ਼ਟਰੀ ਜਨਤਾ ਪਾਰਟੀ ਨੇਪਾਲ ਅਤੇ ਸਮਾਜਵਾਦੀ ਸੰਘੀ ਫੋਰਮ-ਨੇਪਾਲ ਦੇ ਨੇਤਾਵਾਂ ਨੂੰ ਵੀ ਮਿਲਣਗੇ। ਸ਼ਾਮ ਨੂੰ ਕਾਠਮੰਡੂ ਦੇ ਟੂੰਡੀਖੇਡ ਮੈਦਾਨ ਵਿਚ ਉਹ ਸ਼੍ਰੀ ਓਲੀ ਨਾਲ ਕਾਠਮੰਡੂ ਨਗਰ ਨਿਗਮ ਦੇ ਸਵਾਗਤ ਸਮਾਰੋਹ ਵਿਚ ਸ਼ਾਮਲ ਹੋਣਗੇ। ਸਮਾਰੋਹ ਵਿਚ ਪੀ. ਐਮ. ਮੋਦੀ ਨੂੰ ਕਾਠਮੰਡੂ ਨਗਰ ਦੀ ਪ੍ਰਤੀਕ ਵਜੋਂ ਚਾਬੀ ਸੌਂਪੀ ਜਾਏਗੀ ਅਤੇ ਉਨ੍ਹਾਂ ਦਾ ਸੰਬੋਧਨ ਹੋਵੇਗਾ। ਇਸ ਤੋਂ ਬਾਅਦ ਉਹ ਦੇਸ਼ ਪਰਤ ਜਾਣਗੇ।