ਮੋਦੀ ਨੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਇਕੱਠਿਆਂ ਕਰਵਾਉਣ ਦਾ ਇਰਾਦਾ ਛੱਡਿਆ

02/08/2018 10:06:21 AM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਲੋਕ ਸਭਾ ਅਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠਿਆਂ ਕਰਵਾਉਣ ਦਾ ਇਰਾਦਾ ਫਿਲਹਾਲ ਛੱਡ ਦਿੱਤਾ ਹੈ। ਮਈ 2019 ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਆਮ ਚੋਣਾਂ ਤਕ ਤਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਨਾਲੋ-ਨਾਲ ਕਰਵਾਉਣ ਦੀ ਕੋਈ ਯੋਜਨਾ ਨਹੀਂ। ਅਜੇ ਤਕ ਸਿਆਸੀ ਪਾਰਟੀਆਂ ਦਰਮਿਆਨ ਇਸ ਸਬੰਧੀ ਕੋਈ ਸਿਆਸੀ ਸਹਿਮਤੀ ਨਹੀਂ ਬਣੀ। ਸੱਤਾਧਾਰੀ ਰਾਜਗ ਜਿਸ ਦੀ ਅਗਵਾਈ ਮੋਦੀ ਕਰਦੇ ਹਨ, 'ਚ ਵੀ ਇਸ ਸਬੰਧੀ ਮਤਭੇਦ ਹਨ। 'ਇਕ ਰਾਸ਼ਟਰ-ਇਕ ਚੋਣ' ਦੀ ਗੱਲ ਫਿਲਹਾਲ ਠੰਡੇ ਬਸਤੇ ਵਿਚ ਪਾ ਦਿੱਤੀ ਗਈ ਹੈ। 
ਇਹ ਮਹਿਸੂਸ ਕਰਦਿਆਂ ਕਿਹਾ ਰਾਜਗ ਦੀਆਂ ਆਪਣੀਆਂ ਸਹਿਯੋਗੀ ਪਾਰਟੀਆਂ ਵਿਚ ਵੀ ਇਸ ਸਬੰਧੀ ਸਿਆਸੀ ਆਮ ਸਹਿਮਤੀ ਨਹੀਂ ਹੈ ਅਤੇ ਨਾਲ ਹੀ ਸੰਸਦ ਦੇ ਦੋਹਾਂ ਹਾਊਸਾਂ ਦੇ ਦੋ ਤਿਹਾਈ ਬਹੁਮਤ ਤੋਂ ਬਿਨਾਂ ਇਸ ਸਬੰਧੀ ਸੰਵਿਧਾਨ 'ਚ ਸੋਧ ਨਹੀਂ ਕੀਤੀ ਜਾ ਸਕਦੀ, ਪ੍ਰਧਾਨ ਮੰਤਰੀ ਮੋਦੀ ਨੇ ਹਾਲ ਦੀ ਘੜੀ ਇਸ ਯੋਜਨਾ ਨੂੰ ਠੰਡੇ ਬਸਤੇ ਵਿਚ ਹੀ ਪਾਉਣ ਦਾ ਫੈਸਲਾ ਕੀਤਾ ਹੈ। ਫਿਰ ਵੀ ਭਾਜਪਾ ਦੀ ਲੀਡਰਸ਼ਿਪ ਦਾਅਵਾ ਕਰਦੀ ਹੈ ਕਿ ਇਸ ਪ੍ਰਸਤਾਵ ਨੂੰ ਆਰਜ਼ੀ ਤੌਰ 'ਤੇ ਹੀ ਅੱਗੇ ਪਾਇਆ ਗਿਆ ਹੈ। ਜੇ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਪਿੱਛੋਂ ਸੱਤਾ 'ਚ ਵਾਪਸ ਆ ਜਾਂਦੀ ਹੈ ਤਾਂ ਇਸ ਨਿਸ਼ਾਨੇ ਨੂੰ ਹਾਸਲ ਕਰਨ ਲਈ ਮੁੜ ਤੋਂ ਸਰਗਰਮ ਹੋ ਜਾਵੇਗੀ।