'ਹਨੀ' ਦੀ ਗ੍ਰਿਫ਼ਤਾਰੀ ਮਗਰੋਂ ਭਖੀ ਸਿਆਸਤ, ਰਣਦੀਪ ਸੁਰਜੇਵਾਲਾ ਨੇ PM ਮੋਦੀ 'ਤੇ ਲਾਏ ਵੱਡੇ ਇਲਜ਼ਾਮ

02/04/2022 12:06:19 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ 'ਤੇ ਹਮਲਾ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਹ ਦਾਅਵਾ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 'ਚੋਰ ਦਰਵਾਜ਼ੇ' ਤੋਂ ਮਦਦ ਕਰਨ ਲਈ ਇਹ ਕਦਮ ਚੁਕਿਆ ਗਿਆ ਹੈ। ਉਨ੍ਹਾਂ ਨੇ ਟਵੀਟ ਕੀਤਾ,''ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀ ਰਾਜਨੀਤਕ ਨੌਟੰਕੀ ਫਿਰ ਸ਼ੁਰੂ! ਭਾਜਪਾ ਦਾ 'ਇਲੈਕਸ਼ਨ ਡਿਪਾਰਟਮੈਂਟ'- ਈ.ਡੀ. ਮੈਦਾਨ 'ਚ ਉਤਰਿਆ।'' ਕਾਂਗਰਸ ਨੇਤਾ ਨੇ ਦਾਅਵਾ ਕੀਤਾ,''ਕ੍ਰਾਨੋਲਾਜੀ ਸਮਝੋ- ਪੰਜਾਬ ਦੇ ਲੋਕ ਹੁਣ ਕਿਸਾਨ ਅੰਦੋਲਨ ਦੇ ਪੱਖ 'ਚ ਖੜ੍ਹੇ ਹੋਣ ਦੀ ਕੀਮਤ ਚੁਕਾ ਰਹੇ ਹਨ। ਮੋਦੀ ਜੀ ਹਾਰ ਦੀ ਨਿਰਾਸ਼ਾ 'ਚ ਫਰਜ਼ੀ ਛਾਪੇ-ਗ੍ਰਿਫ਼ਤਾਰੀ ਕਰਵਾ ਰਹੇ ਹਨ।''

ਉਨ੍ਹਾਂ ਨੇ ਦੋਸ਼ ਲਗਾਇਆ,''ਇਹ ਹਮਲਾ ਮੁੱਖ ਮੰਤਰੀ ਚੰਨੀ 'ਤੇ ਨਹੀਂ, ਪੰਜਾਬ 'ਤੇ ਹੈ, ਕਿਸਾਨ ਅੰਦੋਲਨ ਕਰਨ ਦਾ ਸਮਰਥਨ ਕਰਨ ਦੀ ਸਜ਼ਾ ਹੈ, ਇਹ ਬਦਲਾ ਹੈ, ਕੱਲ ਕਿਸਾਨਾਂ ਵਲੋਂ ਭਾਜਪਾ ਨੂੰ ਚੋਣਾਂ 'ਚ ਸਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ।'' ਉਨ੍ਹਾਂ ਕਿਾਹ,''ਇਹ ਹਮਲਾ ਹੈ ਤਾਂ ਕਿ 'ਛੋਟੇ ਮੋਦੀ'- ਕੇਜਰੀਵਾਲ ਦੀ ਪਾਰਟੀ ਨੂੰ ਚੋਰ ਦਰਵਾਜ਼ੇ ਤੋਂ ਮਦਦ ਕੀਤੀ ਜਾ ਸਕੇ। ਕੇਜਰੀਵਾਲ ਨੇ ਖੇਤੀ ਦੇ ਕਾਲੇ ਕਾਨੂੰਨ ਨੋਟੀਫਾਈ ਕੀਤੇ ਸਨ, ਹੁਣ ਅਹਿਸਾਨ ਵਾਪਸ ਕੀਤਾ ਜਾ ਰਿਹਾ ਹੈ।'' ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਚੰਨੀ ਦੇ ਰਿਸ਼ਤੇਦਾਰ ਭੂਪਿੰਦਰ ਸਿੰਘ ਹਨੀ ਨੂੰ ਸਰਹੱਦੀ ਸੂਬੇ 'ਚ ਗੈਰ-ਕਾਨੂੰਨ ਰੇਤ ਖਨਨ ਨਾਲ ਜੁੜੇ ਧਨ ਸੋਧ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਨੀ ਨੂੰ ਧਨ ਸੋਧ ਰੋਕਥਾਮ ਐਕਟ (ਪੀ.ਐੱਮ.ਐੱਲ.ਏ.) ਦੇ ਪ੍ਰਬੰਧਾਂ ਦੇ ਅਧੀਨ ਵੀਰਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਗਿਆ। ਹਨੀ, ਚੰਨੀ ਦੀ ਪਤਨੀ ਦੀ ਭੈਣ ਦੇ ਬੇਟੇ ਹਨ। ਏਜੰਸੀ ਨੇ 18 ਜਨਵਰੀ ਨੂੰ ਉਨ੍ਹਾਂ ਦੇ ਕੰਪਲੈਕਸਾਂ 'ਚ ਛਾਪਾ ਮਾਰਿਆ ਸੀ ਅਤੇ ਕਰੀਬ 8 ਕਰੋੜ ਰੁਪਏ ਨਕਦੀ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ 20 ਫ਼ਰਵਰੀ ਨੂੰ ਵੋਟਿੰਗ ਹੋਣੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha