ਮੋਦੀ ਸਰਕਾਰ ਰਚ ਰਹੀ ਹੈ ਮੇਰੇ ਕਤਲ ਦੀ ਸਾਜ਼ਿਸ਼ : ਸਵਾਮੀ ਅਗਨੀਵੇਸ਼

08/20/2018 11:58:06 AM

ਨੈਸ਼ਨਲ ਡੈਸਕ—ਸਾਬਕਾ ਭਾਜਪਾ ਆਗੂ ਸਵਾਮੀ ਅਗਨੀਵੇਸ਼ ਨੇ ਦੋਸ਼ ਲਾਇਆ ਹੈ ਕਿ ਮੋਦੀ ਸਰਕਾਰ ਦੇਸ਼, ਗਰੀਬ ਤੇ ਦਲਿਤ ਹਿਤੈਸ਼ੀ ਆਵਾਜ਼ ਨੂੰ ਦਬਾਉਣ ਲਈ ਮੇਰਾ ਕਤਲ ਕਰਵਾਉਣ ਦੀ ਸਾਜ਼ਿਸ਼ ਰਚ ਰਹੀ ਹੈ।
ਅਗਨੀਵੇਸ਼ ਅੱਜ ਇੱਥੇ ਲੁਧਿਆਣਾ ਦੇ ਗਿੱਲ ਰੋਡ, ਦਾਣਾ ਮੰਡੀ ਵਿਚ ਸੱਚ ਖੋਜ ਅਕੈਡਮੀ ਵੱਲੋਂ ਕਰਵਾਏ ਗਏ ਇਨਸਾਨੀਅਤ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਸਨ। ਭਾਜਪਾ ਅਤੇ ਆਰ. ਐੱਸ. ਐੱਸ. 'ਤੇ ਫਿਰਕੂਵਾਦ ਦਾ ਜ਼ਹਿਰ ਫੈਲਾਉਣ ਦੇ ਦੋਸ਼ ਲਾਉਂਦੇ ਹੋਏ ਅਗਨੀਵੇਸ਼ ਨੇ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਹਿੰਸਾ ਅਤੇ ਅਨੁਸ਼ਾਸਨਹੀਣਤਾ ਦਾ ਮਾਹੌਲ ਹੈ। ਦੇਸ਼ ਦਾ ਘੱਟ ਗਿਣਤੀ ਵਰਗ ਸੁਰੱਖਿਅਤ ਨਹੀਂ ਹੈ। ਉਨ੍ਹਾਂ 'ਤੇ ਦੇਸ਼ ਭਰ ਵਿਚ ਥਾਂ-ਥਾਂ ਹਮਲੇ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਝਾਰਖੰਡ ਦੇ ਪਾਕੁੜ ਵਿਚ ਉਨ੍ਹਾਂ ਨਾਲ ਕੁੱਟ-ਮਾਰ ਕਰਨ ਵਾਲੇ ਭਾਜਪਾ ਅਤੇ ਉਸ ਨਾਲ ਜੁੜੀਆਂ ਜਥੇਬੰਦੀਆਂ ਦੇ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਛੱਡ ਦਿੱਤਾ ਗਿਆ, ਜਦੋਂਕਿ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਜਾਂਦੇ ਸਮੇਂ ਉਨ੍ਹਾਂ 'ਤੇ ਜਦੋਂ ਹਮਲਾ ਹੋਇਆ ਤਾਂ ਕੋਈ ਪੁਲਸ ਅਧਿਕਾਰੀ ਉਨ੍ਹਾਂ ਦੇ ਬਚਾਅ ਲਈ ਨਹੀਂ ਆਇਆ।  ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਕੰਮ ਭਾਜਪਾ ਸਰਕਾਰ ਨੇ ਪਹਿਲਾਂ ਤੋਂ ਯੋਜਨਾਬੱਧ ਤਰੀਕੇ ਨਾਲ ਕਰਵਾਇਆ। ਇਸ ਲਈ ਹੁਣ ਉਹ ਇਨਸਾਫ ਦੇ ਲਈ ਮਾਣਯੋਗ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਇਸ ਮੌਕੇ ਇੰਟਕ ਦੇ ਰਾਸ਼ਟਰੀ ਪ੍ਰਧਾਨ ਪ੍ਰਦੀਪ ਅਗਰਵਾਲ, ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਰਾਸ਼ਟਰੀ ਚੇਅਰਮੈਨ ਕੁੰਵਰ ਓਂਕਾਰ ਸਿੰਘ ਨਰੂਲਾ, ਪੰਜਾਬ ਪ੍ਰਧਾਨ ਕੁਲਵਿੰਦਰ ਸਿੰਘ ਗੁਲਾਟੀ, ਇੰਟਕ ਦੇ ਰਾਸ਼ਟਰੀ ਯੂਥ ਪ੍ਰਧਾਨ ਵਰਿੰਦਰ ਫੂਲ, ਸੱਚ ਖੋਜ ਅਕੈਡਮੀ ਦੇ ਪ੍ਰਧਾਨ ਬਾਬਾ ਧਰਮ ਸਿੰਘ ਨਿਹੰਗ, ਵਜ਼ੀਰ ਸਿੰਘ ਜੱਸਲ, ਡਾ. ਗੁਰਪਿਆਰ ਸਿੰਘ, ਨਰੇਸ਼ ਧੀਂਗਾਨ, ਸੰਜੀਵ ਜੁਨੇਜਾ, ਸਤਵੀਰ ਸਿੰਘ, ਬਲਜਿੰਦਰ ਸਿੰਘ ਰੂਬੀ ਆਦਿ ਹਾਜ਼ਰ ਸਨ।