ਮੋਦੀ ਨੇ ਨੇਪਾਲ ਦੇ ਨਵੇਂ ਚੁਣੇ ਗਏ ਪੀ. ਐਮ ਓਲੀ ਨੂੰ ਦਿੱਤੀ ਵਧਾਈ

02/16/2018 3:31:01 PM

ਕਾਠਮੰਡੂ(ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਸ਼੍ਰੀ ਕੇ. ਪੀ ਓਲੀ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ। ਕਾਠਮੰਡੂ ਪੋਸਟ ਦੀ ਰਿਪੋਰਟ ਮੁਤਾਬਕ ਮੋਦੀ ਨੇ ਵੀਰਵਾਰ ਰਾਤ ਕਰੀਬ 10:30 ਵਜੇ ਓਲੀ ਨੂੰ ਫੋਨ 'ਤੇ ਵਧਾਈ ਅਤੇ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ।


ਮੋਦੀ ਨੇ ਕਿਹਾ ਕਿ ਉਹ ਉਨ੍ਹਾਂ ਦਾ (ਓਲੀ) ਭਾਰਤ ਵਿਚ ਸਵਾਗਤ ਕਰਨ ਲਈ ਉਤਸੁਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਨੇਪਾਲ ਦੇ ਵਿਕਾਸ ਲਈ ਹਰ ਸੰਭਵ ਮਦਦ ਉਪਲੱਬਧ ਕਰਾਏਗਾ। ਜਿਸ ਤੋਂ ਬਾਅਦ ਓਲੀ ਨੇ ਮੋਦੀ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਧਿਆਨ ਨੇਪਾਲ ਦੇ ਵਿਕਾਸ ਵੱਲ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਦੀ ਭਰੋਸੇਯੋਗਤਾ ਕਾਇਮ ਰੱਖਣ ਲਈ ਉਨ੍ਹਾਂ ਦੀ ਵਚਨਬੱਧਤਾ ਕਾਇਮ ਰਹੇਗੀ। ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਸ਼੍ਰੀ ਓਲੀ ਨੂੰ ਵਧਾਈ ਦਿੱਤੀ ਹੈ। ਚੀਨ ਦੇ ਪ੍ਰਧਾਨ ਮੰਤਰੀ ਲੀ ਕੇਕਿਆਂਗ ਨੇ ਆਪਣੇ ਵਧਾਈ ਸੰਦੇਸ਼ ਵਿਚ ਕਿਹਾ ਕਿ ਓਲੀ ਦੇ ਕਾਰਜਕਾਲ ਵਿਚ ਨੇਪਾਲ-ਚੀਨ ਸਬੰਧਾਂ ਵਿਚ ਹੋਰ ਮਜ਼ਬੂਤੀ ਆਏਗੀ ਅਤੇ ਦੋਵੇਂ ਦੇਸ਼ ਦੋ-ਪੱਖੀ ਹਿੱਤਾਂ ਲਈ ਮਿਲ ਕੇ ਕੰਮ ਕਰਨਗੇ।