ਮੋਦੀ, ਟਰੰਪ ਨੇ ਲਿਆ ਅੱਤਵਾਦ ਦਾ ਮਿਲ ਕੇ ਮੁਕਾਬਲਾ ਕਰਨ ਦਾ ਸੰਕਲਪ: ਵ੍ਹਾਈਟ ਹਾਊਸ

11/02/2017 9:35:45 AM

ਵਾਸ਼ਿੰਗਟਨ (ਭਾਸ਼ਾ)— ਨਿਊਯਾਰਕ ਸਿਟੀ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਕਰ ਸੋਗ ਪ੍ਰਗਟ ਕੀਤਾ ਅਤੇ ਦੋਵਾਂ ਨੇਤਾਵਾਂ ਨੇ ਇਕੱਠੇ ਮਿਲ ਕੇ, ਅੱਤਵਾਦ ਦਾ ਮੁਕਾਬਲਾ ਕਰਨ ਦਾ ਸੰਕਲਪ ਜਤਾਇਆ। ਵ੍ਹਾਈਟ ਹਾਊਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਨਿਊਯਾਰਕ ਸਿਟੀ ਵਿਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਬਾਈਕ ਚਾਲਕਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਤੈਅ ਰਸਤੇ ਵਿਚ ਟਰੱਕ ਦਾਖਲ ਕਰ ਦਿੱਤਾ ਸੀ, ਜਿਸ ਨਾਲ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ ਦਰਜਨ ਭਰ ਲੋਕ ਜ਼ਖਮੀ ਹੋ ਗਏ ਸਨ। ਅਮਰੀਕਾ ਨੇ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਵ੍ਹਾਈਟ ਹਾਊਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਮੋਦੀ ਦੀ ਫੋਨ ਉੱਤੇ ਟਰੰਪ ਨਾਲ ਗੱਲਬਾਤ ਹੋਈ, ਜਿਸ ਵਿਚ ਪ੍ਰਧਾਨ ਮੰਤਰੀ ਨੇ ਅੱਤਵਾਦੀ ਹਮਲੇ ਵਿਚ ਲੋਕਾਂ ਦੀ ਜਾਨ ਜਾਣ ਨੂੰ ਲੈ ਕੇ ਸੋਗ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜਖ਼ਮੀਆਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਗੱਲਬਾਤ ਦੇ ਬਿਓਰੇ ਵਿਚ ਕਿਹਾ ਗਿਆ ਹੈ ਕਿ ਮੋਦੀ ਨੇ ਅੱਤਵਾਦ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਵ੍ਹਾਈਟ ਹਾਊਸ ਨੇ ਦੱਸਿਆ ''ਦੋਵਾਂ ਨੇਤਾਵਾਂ ਨੇ ਸੰਕਲਪ ਲਿਆ ਕਿ ਭਾਰਤ ਅਤੇ ਅਮਰੀਕਾ ਅੱਤਵਾਦ ਦੇ ਸੰਸਾਰਿਕ ਖਤਰੇ ਖਿਲਾਫ ਇਕੱਠੇ ਆਪਣੀ ਲੜਾਈ ਜਾਰੀ ਰੱਖੇਗਾ।'' ਇਸ ਤੋਂ ਪਹਿਲਾਂ ਮੋਦੀ ਨੇ ਮੰਗਲਵਾਰ ਨੂੰ ਟਵਿਟਰ ਉੱਤੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ''ਨਿਊਯਾਰਕ ਸ਼ਹਿਰ ਵਿਚ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੇਰੀ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨਾਲ ਹਨ।'' ਵ੍ਹਾਈਟ ਹਾਊਸ ਅਨੁਸਾਰ, ਬ੍ਰਿਟਿਸ਼ ਪ੍ਰਧਾਨ ਮੰਤਰੀ ਟੇਰੀਸਾ ਮੇ ਨੇ ਵੀ ਫੋਨ ਉੱਤੇ ਟਰੰਪ ਨਾਲ ਗੱਲ ਕੀਤੀ। ''ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਮੇ ਨੇ ਅਮਰੀਕਾ ਅਤੇ ਬ੍ਰਿਟੇਨ ਵਿਚ ਅੱਤਵਾਦ ਨਾਲ ਨਜਿੱਠਣ ਲਈ ਕਰੀਬੀ ਤਾਲਮੇਲ ਦੇ ਮਹੱਤਵ ਉੱਤੇ ਸਹਿਮਤੀ ਜਤਾਈ।''