ਮਰ ਗਈ ਇਨਸਾਨੀਅਤ, ਸੜਕ ਹਾਦਸੇ ''ਚ ਮਰੇ 3 ਨੌਜਵਾਨਾਂ ਦੇ ਚੋਰੀ ਕਰ ਲਏ ਮੋਬਾਇਲ

12/02/2019 8:28:14 PM

ਨਵੀਂ ਦਿੱਲੀ (ਏਜੰਸੀ)- ਰਾਜਧਾਨੀ 'ਚ ਸ਼ਾਇਦ ਲੋਕਾਂ ਵਿਚ ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੀ ਨਹੀਂ ਬਚੀ ਹੈ। ਸ਼ਨੀਵਾਰ ਦੇਰ ਰਾਤ ਦਿੱਲੀ ਗੇਟ ਨੇੜੇ ਹੋਏ ਭਿਆਨਕ ਹਾਦਸੇ 'ਚ ਜ਼ਖਮੀ ਤਿੰਨੋ ਲੜਕੇ ਸੜਕ ਕੰਢੇ ਤੜਫਦੇ ਰਹੇ। ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਕਿਸੇ ਨੇ ਉਨ੍ਹਾਂ ਤਿੰਨਾਂ ਨੌਜਵਾਨਾਂ ਦੇ ਫੋਨ ਹੀ ਚੋਰੀ ਕਰ ਲਏ। ਇਕ ਰਾਹਗੀਰ ਨੇ ਇੰਨਾ ਜ਼ਰੂਰ ਕੀਤਾ ਕਿ ਜ਼ਖਮੀਆਂ ਨੂੰ ਸੜਕ ਤੋਂ ਚੁੱਕ ਕੇ ਫੁੱਟਪਾਥ 'ਤੇ ਇਕ ਤੋਂ ਉਪਰ ਇਕ ਲਿਟਾ ਦਿੱਤਾ।

ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਘਟਨਾ ਵਾਲੀ ਥਾਂ ਤੋਂ ਸਿਰਫ 300 ਮੀਟਰ ਦੂਰ ਐਲ.ਐਨ.ਜੇ.ਪੀ. ਹਸਪਤਾਲ ਦੀ ਐਮਰਜੈਂਸੀ ਸੀ, ਜੇਕਰ ਸਮੇਂ 'ਤੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਸੜਕ ਤੋਂ ਲੰਘ ਰਹੇ ਇਕ ਨੌਜਵਾਨ ਨੇ ਆਪਣੀ ਸਕੂਟੀ ਰੋਕੀ ਅਤੇ ਤਿੰਨਾਂ ਨੂੰ ਇਕ ਆਟੋ ਰਾਹੀਂ ਹਸਪਤਾਲ ਪਹੁੰਚਾਇਆ। ਹਾਲਾਂਕਿ ਨੌਜਵਾਨ ਨੂੰ ਬਾਅਦ ਵਿਚ ਪਤਾ ਲੱਗਾ ਕਿ ਇਹ ਤਿੰਨੋ ਨੌਜਵਾਨ ਉਸ ਦੇ ਗੁਆਂਢੀ ਹਨ। ਹਸਪਤਾਲ ਪਹੁੰਚਣ ਵਿਚ ਤਕਰੀਬਨ 25 ਮਿੰਟ ਲੱਗ ਗਏ, ਹਸਪਤਾਲ ਪੁੱਜਦੇ ਹੀ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਮੁਹੰਮਦ ਸਾਦ ਦੇ ਚਾਚਾ ਰਹੀਸੂਦੀਨ ਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਉਥੋਂ ਉਨ੍ਹਾਂ ਦੇ ਭਤੀਜੇ ਦੇ ਮੋਬਾਇਲ ਦਾ ਕਵਰ ਮਿਲਿਆ, ਜਦੋਂ ਕਿ ਮੋਬਾਇਲ ਗਾਇਬ ਸਨ। ਬਾਕੀ ਲੜਕਿਆਂ ਦੇ ਮੋਬਾਇਲ ਵੀ ਨਹੀਂ ਮਿਲੇ। ਜ਼ਖਮੀਆਂ ਨੂੰ ਹਸਪਤਾਲ ਲਿਜਾਉਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਹ ਸਕੂਟੀ ਰਾਹੀਂ ਲਕਸ਼ਮੀਨਗਰ ਤੋਂ ਤੁਰਕਮਾਨ ਗੇਟ ਵੱਲ ਪਰਤ ਰਿਹਾ ਸੀ। ਹਾਦਸੇ ਨੂੰ ਦੇਖ ਕੇ ਉਹ ਰੁਕਿਆ ਤਾਂ ਉਸ ਨੇ ਦੇਖਿਆ ਕਿ ਸੜਕ 'ਤੇ ਕਾਫੀ ਦੂਰ ਤੱਕ ਖੂਨ ਸੀ ਅਤੇ ਉਥੇ ਹੀ ਇਕ ਸਕੂਟੀ ਟੁੱਟੀ ਹੋਈ ਖੜੀ ਸੀ। ਤਿੰਨਾਂ ਲੜਕਿਆਂ ਨੂੰ ਕਿਸੇ ਨੇ ਹਾਈਮਾਸਟ ਪੋਲ ਨੇੜੇ ਇਕ ਦੇ ਉਪਰ ਇਕ ਨੂੰ ਲਿਟਾਇਆ ਹੋਇਆ ਸੀ। ਉਸ ਨੇ ਦੇਖਿਆ ਤਾਂ ਹਮਜਾ ਦੇ ਸਾਹ ਚੱਲ ਰਹੇ ਸਨ। ਤੁਰੰਤ ਉਸਨੇ ਇਕ ਆਟੋ ਰੁਕਵਾਇਆ ਅਤੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।

ਮੌਕੇ 'ਤੇ ਫੁੱਟਪਾਥ 'ਤੇ ਤਕਰੀਬਨ 20 ਫੁੱਟ ਦੀ ਦੂਰੀ 'ਤੇ ਟਾਇਰ ਦੇ ਰਗੜਣ ਦੇ ਨਿਸ਼ਾਨ ਹਨ। ਅਜਿਹਾ ਲੱਗਦਾ ਹੈ ਕਿ ਉਹ ਕਿਸੇ ਵੱਡੇ ਵਾਹਨ ਦੇ ਨਿਸ਼ਾਨ ਹਨ। ਰਿਜ਼ਵਾਨ ਨੇ ਸ਼ੱਕ ਜਤਾਇਆ ਕਿ ਟੱਕਰ ਮਾਰਨ ਤੋਂ ਬਾਅਦ ਸ਼ਾਇਦ ਮੁਲਜ਼ਮ ਵਾਹਨ ਚਾਲਕ ਆਪਣੀ ਗੱਡੀ ਰੋਕ ਕੇ ਤਿੰਨਾਂ ਨੂੰ ਦੇਖਿਆ ਅਤੇ ਉਸ ਨੇ ਹੀ ਤਿੰਨਾਂ ਨੂੰ ਫੁੱਟਪਾਥ 'ਤੇ ਲੰਮਾ ਪਾਇਆ ਅਤੇ ਖੁਦ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਪੁਲਸ ਜਾਣਬੁੱਝ ਕੇ ਘਟਨਾਵਾਲੀ ਥਾਂ ਦੀ ਫੁਟੇਜ ਨਹੀਂ ਦਿਖਾ ਰਹੀ। ਓਸਾਮਾ ਦੇ ਤਾਊ ਗੁਲਜ਼ਾਮ ਅਹਿਮਦ ਨੇ ਦੱਸਿਆ ਕਿ ਦਿੱਲੀ ਗੇਟ 'ਤੇ ਅਕਸਰ ਪੀ.ਸੀ.ਆਰ. ਵੈਨ ਟ੍ਰੈਫਿਕ ਨਿਯਮ ਤੋੜਣ ਵਾਲਿਆਂ ਜਾਂ ਕਿਸੇ ਸ਼ੱਕੀ ਦਾ ਪਿੱਛਾ ਕਰਦੀ ਹੈ। ਤਿੰਨਾਂ ਲੜਕਿਆਂ ਨੇ ਕਿਉਂਕਿ ਹੈਲਮੇਟ ਨਹੀਂ ਪਹਿਨਿਆ ਸੀ। ਇਸ ਲਈ ਸ਼ਾਇਦ ਪੁਲਸ ਦੀ ਗੱਡੀ ਨੇ ਇਨ੍ਹਾਂ ਪਿੱਛਾ ਕੀਤਾ ਅਤੇ ਇਹ ਹਾਦਸੇ ਦੇ ਸ਼ਿਕਾਰ ਹੋ ਗਏ। ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪੁਲਸ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।

Sunny Mehra

This news is Content Editor Sunny Mehra