ਤਬਰੇਜ਼ ਦੀ ਪਤਨੀ ਨੂੰ ਦਿੱਲੀ ਵਕਫ਼ ਬੋਰਡ ਦੇਵੇਗਾ ਮੁਆਵਜ਼ਾ ਅਤੇ ਸਰਕਾਰੀ ਨੌਕਰੀ

06/27/2019 1:00:14 PM

ਨਵੀਂ ਦਿੱਲੀ/ਝਾਰਖੰਡ— ਦਿੱਲੀ ਵਕਫ਼ ਬੋਰਡ ਨੇ ਝਾਰਖੰਡ 'ਚ ਮੌਬ ਲਿਚਿੰਗ (ਭੀੜ ਵਲੋਂ ਕੁੱਟਮਾਰ) ਦਾ ਸ਼ਿਕਾਰ ਹੋਏ 24 ਸਾਲਾ ਤਬਰੇਜ਼ ਅੰਸਾਰੀ ਦੀ ਪਤਨੀ ਨੂੰ ਨੌਕਰੀ ਅਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਅਮਾਨਤੁੱਲਾਹ ਖਾਨ ਨੇ ਦੱਸਿਆ ਕਿ ਅੱਜ ਯਾਨੀ ਵੀਰਵਾਰ ਨੂੰ ਤਬਰੇਜ਼ ਦੀ ਪਤਨੀ ਨੂੰ 5 ਲੱਖ ਰੁਪਏ ਦਾ ਚੈੱਕ ਅਤੇ ਨੌਕਰੀ ਦਾ ਆਫ਼ਰ ਲੇਟਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਤਬਰੇਜ਼ ਦੀ ਕਾਨੂੰਨੀ ਲੜਾਈ 'ਚ ਵਕਫ਼ ਬੋਰਡ ਮਦਦ ਕਰੇਗਾ।

ਜ਼ਿਕਰਯੋਗ ਹੈ ਕਿ ਝਾਰਖੰਡ ਦੇ ਖਰਸਵਾਂ 'ਚ ਚੋਰੀ ਕਰਨ ਦੇ ਸ਼ੱਕ 'ਚ ਭੀੜ ਨੇ ਤਬਰੇਜ਼ ਅੰਸਾਰੀ ਨੂੰ ਮਾਰ ਦਿੱਤਾ ਸੀ। ਪੁਲਸ ਨੂੰ ਸੌਂਪਣ ਤੋਂ ਪਹਿਲਾਂ ਭੀੜ ਨੇ ਉਸ ਦੀ 18 ਘੰਟੇ ਤੋਂ ਵਧ ਕੁੱਟਮਾਰ ਕੀਤੀ। ਨੌਜਵਾਨ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਸਨ। ਇਸ ਮਾਮਲੇ 'ਚ ਪੁਲਸ ਨੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ 'ਚ 2 ਪੁਲਸ ਕਰਮਚਾਰੀਆਂ ਨੂੰ ਮੁਅੱਤਲ ਵੀ ਕੀਤਾ ਗਿਆ। 

ਮਾਮਲੇ 'ਚ ਸਭ ਤੋਂ ਪਹਿਲਾਂ ਗ੍ਰਿਫਤਾਰੀ ਮੁੱਖ ਦੋਸ਼ੀ ਪੱਪੂ ਮੰਡਲ ਦੀ ਹੋਈ। ਉਸ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਹੋਰ ਗ੍ਰਿਫਤਾਰੀਆਂ ਹੋਈਆਂ ਹਨ। ਇਸ ਮਾਮਲੇ 'ਤੇ ਪੀ.ਐੱਮ. ਮੋਦੀ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਬਿਆਨ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਝਾਰਖੰਡ ਨੂੰ ਮੌਬ ਲਿਚਿੰਗ ਦਾ ਅੱਡਾ ਦੱਸਿਆ ਗਿਆ, ਨੌਜਵਾਨ ਦੇ ਕਤਲ 'ਤੇ ਦੁਖ ਮੈਨੂੰ ਵੀ ਹੈ ਅਤੇ ਸਾਰਿਆਂ ਨੂੰ ਹੋਣਾ ਚਾਹੀਦਾ। ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਪਰ ਇਸ ਆਧਾਰ 'ਤੇ ਇਕ ਰਾਜ ਨੂੰ ਦੋਸ਼ ਦੱਸਣਾ ਸਾਨੂੰ ਸ਼ੋਭਾ ਨਹੀਂ ਦਿੰਦਾ ਹੈ।

DIsha

This news is Content Editor DIsha