ਟਰੇਨ ''ਚ ਸੀਟ ਨਾ ਮਿਲਣ ਕਾਰਨ ਫਰਸ਼ ''ਤੇ ਸੁੱਤੇ ਨਜ਼ਰ ਆਏ ਕਾਂਗਰਸ ਵਿਧਾਇਕ

07/24/2016 12:51:10 PM

ਨਵੀਂ ਦਿੱਲੀ— ਛੱਤੀਸਗੜ੍ਹ ਕਾਂਗਰਸ ਦੇ ਵਿਧਾਇਕ ਟਰੇਨ ''ਚ ਸੀਟ ਨਾ ਮਿਲਣ ਕਾਰਨ ਜ਼ਮੀਨ ''ਤੇ ਹੀ ਸਫਰ ਕਰਦੇ ਨਜ਼ਰ ਆਏ। ਵਿਧਾਇਕ ਦਾ ਦੋਸ਼ ਹੈ ਕਿ ਸੂਚਨਾ ਦਿੱਤੇ ਜਾਣ ''ਤੇ ਵੀ ਟੀ. ਟੀ. ਈ. ਨੇ ਉਨ੍ਹਾਂ ਨੂੰ ਸੀਟ ਨਾ ਦਿੱਤੀ। ਵਾਰ-ਵਾਰ ਕਹਿਣ ''ਤੇ ਵੀ ਜਦੋਂ ਉਨ੍ਹਾਂ ਨੂੰ ਜਗ੍ਹਾ ਨਾ ਮਿਲੀ ਤਾਂ ਕਾਂਗਰਸ ਦੇ ਤਿੰਨ ਵਿਧਾਇਕਾਂ ਨੇ ਜ਼ਮੀਨ ''ਤੇ ਸੌਂ ਕੇ ਆਪਣਾ ਵਿਰੋਧ ਦਰਜ ਕਰਵਾਇਆ। ਵਿਧਾਇਕਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਕੋਟੇ ਦੀ ਸੀਟ ਵੇਚ ਦਿੱਤੀ ਜਾਂਦੀ ਹੈ, ਜਿਸ ਕਾਰਨ ਜਨਤਾ ਦੇ ਸੇਵਕਾਂ ਨੂੰ ਜਗ੍ਹਾ ਨਹੀਂ ਮਿਲ ਪਾਂਦੀ। ਇਹ ਵਿਧਾਇਕ ਛੱਤੀਸਗੜ੍ਹ ਦੇ ਰਾਮਾਨੁਜਗੰਜ ਤੋਂ ਬ੍ਰਹਿਸਪਤੀ ਸਿੰਘ, ਸਾਮਰੀ ਤੋਂ ਡਾ. ਪ੍ਰੀਤਮਰਾਮ ਅਤੇ ਭਟਗਾਂਵ ਤੋਂ ਪਾਰਸਨਾਥ ਰਾਜਵਾੜੇ ਹਨ। 
ਇਨ੍ਹਾਂ ਨੇ 23 ਜੁਲਾਈ ਨੂੰ ਰਾਏਪੁਰ ''ਚ ਮੁੱਖ ਮੰਤਰੀ ਦੀ ਪ੍ਰਧਾਨਗੀ ''ਚ ਹੋਣ ਵਾਲੀ ਸਰਗੁਜਾ ਵਿਕਾਸ ਅਥਾਰਟੀ ਦੀ ਮੀਟਿੰਗ ''ਚ ਸ਼ਾਮਲ ਹੋਣ ਲਈ ਅੰਬਿਕਾਪੁਰ-ਦੁਰਗ ਐਕਸਪ੍ਰੈੱਸ ''ਚ ਐੱਮ. ਐੱਲ. ਏ. ਕੋਟੇ ਨਾਲ ਏ. ਸੀ. ਟੂ ਟਾਇਰ ਕੋਚ ਦੀਆਂ ਟਿਕਟਾਂ 21 ਜੁਲਾਈ ਨੂੰ ਬੁੱਕ ਕਰਵਾਈਆਂ ਸਨ। ਇਸ ਤੋਂ ਪਹਿਲਾਂ ਨੇਤਾਵਾਂ ਨੇ ਰੇਲਵੇ ਦੇ ਸੀ. ਜੀ. ਐੱਮ, ਡੀ. ਆਰ. ਐੱਮ ਸਮੇਤ ਹੋਰ ਅਧਿਕਾਰੀਆਂ ਨੂੰ ਬਕਾਇਦਾ ਐੱਸ. ਐੱਮ. ਐੱਸ ਅਤੇ ਫੋਨ ''ਤੇ ਗੱਲ ਕਰਕੇ ਟਿਕਟਾਂ ਕਨਫਰਮ ਕਰਨ ਦੀ ਰਸਮ ਵੀ ਪੂਰੀ ਕੀਤੀ ਸੀ ਪਰ ਉਹ ਕਨਫਰਮ ਨਾ ਹੋਈਆਂ। ਵਿਧਾਇਕਾਂ ਨੂੰ ਉਮੀਦ ਸੀ ਕਿ ਟਰੇਨ ''ਚ ਸਵਾਰ ਹੋਣ ਤੋਂ ਬਾਅਦ ਟੀ. ਟੀ. ਈ. ਉਨ੍ਹਾਂ ਦੇ ਪ੍ਰਭਾਵ ਨਾਲ ਸੀਟ ਦੀ ਵੰਡ ਕਰ ਦੇਵੇਗਾ ਪਰ ਟਰੇਨ ''ਚ ਪਹਿਲਾਂ ਤੋਂ ਹੀ 18 ਵੇਟਿੰਗ ਚੱਲਣ ਕਾਰਨ ਟੀ. ਟੀ. ਈ. ਨੇ ਵੀ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਵਿਧਾਇਕਾਂ ਨੇ ਫਰਸ਼ ''ਤੇ ਬੈਠ ਕੇ ਹੀ ਸਫਰ ਕਰਨਾ ਸਹੀ ਸਮਝਿਆ।