ਲਾਪਤਾ 39 ਭਾਰਤੀਆਂ ਦੇ ਬਾਰੇ ਵਿਚ ਸੀਰੀਆ ਕੋਲ ਕੋਈ ਜਾਣਕਾਰੀ ਨਹੀਂ

08/01/2017 12:34:46 PM

ਦਮਿਸ਼ਕ— ਇਰਾਕ ਵਿਚ ਸਾਲ 2014 ਵਿਚ ਲਾਪਤਾ ਹੋਏ 39 ਭਾਰਤੀਆਂ ਦੇ ਬਾਰੇ ਵਿਚ ਸੀਰੀਆ ਕੋਲ ਕੋਈ ਜਾਣਕਾਰੀ ਨਹੀਂ ਹੈ। ਭਾਰਤ ਵਿਚ ਸੀਰੀਆ ਦੇ ਰਾਜਦੂਤ ਰਿਯਾਦ ਕਾਮੇਲ ਅਬਾੱਸ ਨੇ ਹਾਲਾਂਕਿ ਕਿਹਾ ਕਿ ਜੇ ਇਹ ਲਾਪਤਾ ਭਾਰਤੀ ਉਨ੍ਹਾਂ ਦੇ ਖੇਤਰ ਵਿਚੋਂ ਮਿਲਦੇ ਹਨ ਤਾਂ ਉਹ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੇ 'ਚਾਹਵਾਨ' ਹਨ। ਅਬਾੱਸ ਨੇ ਕਲ ਦੱਸਿਆ ਕਿ ਲਾਪਤਾ ਲੋਕਾਂ ਦਾ ਪਤਾ ਲਗਾਉਣ ਲਈ ਇਕ ਭਾਰਤੀ ਵਫਦ ਨੇ ਸੀਰੀਆ ਅਤੇ ਇਰਾਕ ਦਾ ਕਈ ਵਾਰੀ ਦੌਰਾ ਕੀਤਾ ਅਤੇ ਇਸ ਸਿਲਸਿਲੇ ਵਿਚ ਸੀਰੀਆ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਵੀ ਭਾਰਤ ਆ ਚੁੱਕੇ ਹਨ। ਰਾਜਦੂਤ ਨੇ ਕਿਹਾ,'' ਭਾਰਤੀ ਵਫਦ ਕਈ ਵਾਰੀ ਸੀਰੀਆ ਗਿਆ ਅਤੇ ਸੀਰੀਆ ਖੁਫੀਆ ਏਜੰਸੀ ਦੇ ਪ੍ਰਮੁੱਖ ਵੀ ਦਿੱਲੀ ਆਏ।'' ਉਨ੍ਹਾਂ ਨੇ ਕਿਹਾ,'' ਜੇ ਉਹ ਸਾਡੇ ਖੇਤਰ ਵਿਚ ਹਨ ਤਾਂ ਅਸੀਂ ਉਨ੍ਹਾਂ (ਲਾਪਤਾ ਭਾਰਤੀਆਂ) ਨੂੰ ਵਾਪਸ ਲਿਆਉਣ ਦੇ ਚਾਹਵਾਨ ਹਾਂ ਪਰ ਇਸ ਬਾਰੇ ਵਿਚ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੈ।'' ਇਸ ਮਹੀਨੇ ਦੀ ਸ਼ੁਰੂਆਤ ਵਿਚ ਇਰਾਕੀ ਬਲਾਂ ਨੇ ਮੋਸੁਲ ਨੂੰ ਆਈ. ਐੱਸ. ਆਈ. ਐੱਸ. ਤੋਂ ਮੁਕਤ ਕਰਵਾਇਆ ਸੀ ਜਿਸ ਮਗਰੋਂ 39 ਭਾਰਤੀਆਂ ਦੇ ਮਿਲਣ ਦੀ ਉਮੀਦ ਦੀ ਕਿਰਨ ਨਜ਼ਰ ਆਈ ਪਰ ਇੱਥੋਂ ਵੀ ਕਿਸੇ ਲਾਪਤਾ ਭਾਰਤੀ ਨਾਗਰਿਕ ਦੇ ਬਾਰੇ ਵਿਚ ਸੂਚਨਾ ਨਹੀਂ ਮਿਲੀ ਹੈ।