ਤਾਮਿਲਨਾਡੂ ’ਚ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, CDS ਬਿਪਿਨ ਰਾਵਤ ਵੀ ਸਨ ਮੌਜੂਦ

12/08/2021 1:56:50 PM

ਕੰਨੂਰ— ਤਾਮਿਲਨਾਡੂ ਦੇ ਕੰਨੂਰ ’ਚ ਬੁੱਧਵਾਰ ਯਾਨੀ ਕਿ ਅੱਜ ਹਵਾਈ ਫ਼ੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ’ਚ ਚੀਫ਼ ਆਫ਼ ਡਿਫੈਂਸ ਸਟਾਫ਼ (ਸੀ. ਡੀ. ਐੱਸ.) ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਸਮੇਤ 14 ਲੋਕ ਸਵਾਰ ਸਨ। ਹਾਦਸੇ ਤੋਂ ਬਾਅਦ ਝੁਲਸੇ 3 ਜਵਾਨਾਂ ਦਾ ਰੈਸਕਿਊ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੇਲਿੰਗਟਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਜਾਣਕਾਰੀ ਮੁਤਾਬਕ ਖਰਾਬ ਮੌਸਮ ਦੀ ਵਜ੍ਹਾ ਕਾਰਨ ਇਹ ਹਾਦਸਾ ਵਾਪਰਿਆ ਹੈ। ਰੱਖਿਆ ਸੂਤਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ’ਚ 14 ਲੋਕ ਮੌਜੂਦ ਸਨ, ਇਹ ਹੈਲੀਕਾਪਟਰ ਵੇਲਿੰਗਟਨ ਤੋਂ ਸੁਲੂਰ ਜਾ ਰਿਹਾ ਸੀ। ਹਵਾਈ ਫ਼ੌਜ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ।

ਜਿਸ ਥਾਂ ’ਤੇ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਹੈ, ਉਹ ਇਲਾਕਾ ਕਾਫੀ ਸੰਘਣਾ ਹੈ। ਆਲੇ-ਦੁਆਲੇ ਚਾਰੋਂ ਪਾਸੇ ਦਰੱਖ਼ਤ ਹੀ ਦਰੱਖ਼ਤ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰੋਂ ਪਾਸੇ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਹਨ। ਫ਼ੌਜ ਅਤੇ ਹਵਾਈ ਫ਼ੌਜ ਦੀਆਂ ਟੁਕੜੀਆਂ ਬਚਾਅ ਮੁਹਿੰਮ ਲਈ ਪਹੁੰਚ ਗਈਆਂ ਹਨ। ਆਲੇ-ਦੁਆਲੇ ਦੇ ਇਲਾਕੇ ਵਿਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਇਆ ਹੈਲੀਕਾਪਟਰ ਐੱਮ. ਆਈ. ਸੀਰੀਜ਼ ਦਾ ਸੀ। 

ਸੀ. ਡੀ. ਐੱਸ. ਬਿਪਿਨ ਰਾਵਤ ਆਪਣੀ ਪਤਨੀ ਨਾਲ ਵੇਲਿੰਗਟਨ ’ਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਗਏ ਸਨ। ਵੇਲਿੰਗਟਨ ਵਿਚ ਡਿਫੈਂਸ ਸਟਾਫ਼ ਦਾ ਕਾਲਜ ਹੈ, ਜਿੱਥੇ ਰਾਵਤ ਦਾ ਲੈਕਚਰ ਸੀ। ਇੱਥੋਂ ਉਨ੍ਹਾਂ ਨੂੰ ਦਿੱਲੀ ਲਈ ਰਵਾਨਾ ਹੋਣਾ ਸੀ। ਹੈਲੀਕਾਪਟਰ ਵਿਚ ਰਾਵਤ ਨਾਲ ਉਨ੍ਹਾਂ ਦੀ ਪਤਨੀ ਮਧੂਲਿਕਾ, ਬਿ੍ਰਗੇਡੀਅਰ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਗੁਰਸੇਵਕ ਸਿੰਘ (ਪੀ.ਐੱਸ. ਓ.), ਐੱਨ. ਕੇ. ਜਤਿੰਦਰ ਕੁਮਾਰ (ਪੀ. ਐੱਸ. ਓ.), ਐੱਲ. ਐੱਨ. ਕੇ. ਵਿਵੇਕ ਕੁਮਾਰ, ਐੱਲ. ਐੱਨ. ਕੇ. ਬੀ. ਸਾਈ ਤੇਜਾ, ਹੌਲਦਾਰ ਸਤਪਾਲ ਉਨ੍ਹਾਂ ਨਾਲ ਆਏ ਸਨ। ਸਮਾਚਾਰ ਏਜੰਸੀ ਮੁਤਾਬਕ ਜੋ ਲਾਸ਼ਾਂ ਮਿਲੀਆਂ ਹਨ, ਉਹ 80 ਫ਼ੀਸਦੀ ਤੱਕ ਝੁਲਸੀਆਂ ਹੋਈਆਂ ਹਨ। ਅਜਿਹੇ ਵਿਚ ਉਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। 

Tanu

This news is Content Editor Tanu