ਅਚਾਨਕ ਮੈਟਰੋ ਸਾਹਮਣੇ ਆਇਆ ਨੌਜਵਾਨ, ਡਰਾਈਵਰ ਨੇ ਇੰਝ ਬਚਾਈ ਜਾਨ (ਵੀਡੀਓ)

05/23/2018 7:07:41 PM

ਨੈਸ਼ਨਲ ਡੈਸਕ— ਨਿਯਮਾਂ ਨੂੰ ਨਜ਼ਰਅੰਦਾਜ਼ ਕਰਨਾ ਕੁੱਝ ਲੋਕਾਂ ਦੀ ਆਦਤ ਬਣ ਗਈ ਹੈ। ਜਿਸ ਕਾਰਨ ਜ਼ਲਦਬਾਜ਼ੀ ਦੇ ਚੱਕਰ 'ਚ ਲੋਕ ਸ਼ਾਰਟਕੱਟ ਰਸਤੇ ਦਾ ਸਹਾਰਾ ਲੈਂਦੇ ਹਨ। ਅਜਿਹੇ 'ਚ ਉਹ ਆਪਣੇ ਨਾਲ-ਨਾਲ ਦੂਜਿਆਂ ਦੀ ਜਾਨ ਵੀ ਖਤਰੇ 'ਚ ਪਾਉਂਦੇ ਹਨ। ਦਿੱਲੀ ਦੀ ਲਾਈਫਲਾਈਨ ਮੈਟਰੋ ਸਾਹਮਣੇ ਵੀ ਕੁੱਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਜਿਥੇ ਪਲੇਟਫਾਰਮ ਪਾਰ ਕਰ ਰਹੇ ਇਕ ਵਿਅਕਤੀ ਦੀ ਜਾਨ ਜਾਂਦੇ ਜਾਂਦੇ ਬਚ ਗਈ। ਜੇਕਰ ਮੈਟਰੋ ਦਾ ਡਰਾਈਵਰ ਸਮੇਂ 'ਤੇ ਬ੍ਰੇਕ ਨਾਲ ਲਗਾਉਂਦਾ ਤਾਂ ਉਸ ਦੀ ਮੌਤ ਹੋ ਸਕਦੀ ਸੀ। ਇਹ ਪੂਰੀ ਘਟਨਾ ਪਲੇਟਫਾਰਮ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਇਹ ਘਟਨਾ ਮੰਗਲਵਾਰ ਦੀ ਹੈ, ਜਿਥੇ 21 ਸਾਲਾ ਦਾ ਮਯੂਰ ਪਟੇਲ ਨਾਂ ਦਾ ਵਿਅਕਤੀ ਰੋਹਿਣੀ ਦੀ ਜਗ੍ਹਾ ਗਲਤੀ ਨਾਲ ਕਸ਼ਮੀਰੀ ਗੇਟ ਜਾਣ ਵਾਲੇ ਪਲੇਟਫਾਰਮ 'ਤੇ ਪਹੁੰਚ ਗਿਆ। ਜਿਸ ਤੋਂ ਬਾਅਦ ਉਹ ਦੂਜੇ ਪਲੇਟਫਾਰਮ 'ਤੇ ਜਾਣ ਲਈ ਰੇਲਵੇ ਲਾਈਨ 'ਤੇ ਕੁੱਦ ਪਿਆ ਪਰ ਇਸ ਵਿਚਾਲੇ ਉਥੇ ਖੜੀ ਮੈਟਰੋ ਅਚਾਨਕ ਚੱਲ ਪਈ। ਉਸ ਦੀ ਖੁਸ਼ਕਿਸਮਤੀ ਇਹ ਰਹੀ ਕਿ ਡਰਾਈਵਰ ਦੀ ਨਜ਼ਰ ਨੌਜਵਾਨ 'ਤੇ ਪੈ ਗਈ ਅਤੇ ਉਸ ਨੇ ਤੁਰੰਤ ਬ੍ਰੇਕ ਲਗਾ ਦਿੱਤੀ। 

ਵੀਡੀਓ 'ਚ ਦਿਸ ਰਿਹਾ ਹੈ ਕਿ ਜਦੋਂ ਡਰਾਈਵਰ ਨੇ ਬ੍ਰੇਕ ਲਗਾਈ ਤਾਂ ਨੌਜਵਾਨ ਪਲੇਟਫਾਰਮ 'ਤੇ ਚੜ ਨਹੀਂ ਸਕਿਆ ਸੀ, ਅਜਿਹੇ 'ਚ ਜੇਕਰ ਟਰੇਨ ਦੀ ਰਫਤਾਰ ਤੇਜ਼ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਵਿਅਕਤੀ ਨੂੰ ਟਰੇਨ ਦੇ ਸਾਹਮਣੇ ਅਜਿਹੀ ਹਰਕਤ ਕਰਦਾ ਦੇਖ ਸਟੇਸ਼ਨ 'ਤੇ ਮੌਜੂਦ ਸਾਰੇ ਗਾਰਡ ਅਲਰਟ ਹੋ ਗਏ ਅਤੇ ਉਨ੍ਹਾਂ ਨੌਜਵਾਨ ਨੂੰ ਹਿਰਾਸਤ 'ਚ ਲੈ ਲਿਆ। ਸਟੇਸ਼ਨ ਪੁਲਸ ਦੀ ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਦੂਜੇ ਪਲੇਟਫਾਰਮ 'ਤੇ ਜਾਣ ਲਈ ਕਿਹੜੇ ਰਸਤੇ ਤੋਂ ਜਾਣਾ ਹੈ। ਫਿਲਹਾਲ ਪੁਲਸ ਨੇ ਉਸ ਨੂੰ ਚੇਤਾਵਨੀ ਦਿੰਦੇ ਹੋਏ ਡੀ. ਐਮ. ਆਰ. ਸੀ. 64 ਐਕਟ ਅਧੀਨ 150 ਰੁਪਏ ਦਾ ਚਲਾਨ ਕੱਟ ਕੇ ਉਸ ਨੂੰ ਛੱਡ ਦਿੱਤਾ ਹੈ।