ਧਾਰਾ 370 ਨੂੰ ਖ਼ਤਮ ਕਰਨ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਮੌਤ ਦੀ ਸਜ਼ਾ ਤੋਂ ਘੱਟ ਨਹੀਂ ਹੈ : ਮਹਿਬੂਬਾ ਮੁਫ਼ਤੀ

12/12/2023 4:51:16 AM

ਸ਼੍ਰੀਨਗਰ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਸੋਮਵਾਰ ਨੂੰ ਕਿਹਾ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸੁਪਰੀਮ ਕੋਰਟ ਦਾ ਫ਼ੈਸਲਾ ਮੌਤ ਦੀ ਸਜ਼ਾ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਸੰਕਲਪ ਨੂੰ ਅਸਫ਼ਲ ਕਰਦਾ ਹੈ, ਜਿਸ ਨਾਲ 1947 ਵਿਚ ਮੁਸਲਿਮ ਬਹੁਲ ਰਾਜ ਨੂੰ ਸ਼ਾਮਲ ਕੀਤਾ ਗਿਆ ਸੀ। ਮੁਫਤੀ ਨੇ 'ਐਕਸ' 'ਤੇ ਪੋਸਟ ਕੀਤੇ ਪੰਜ ਮਿੰਟ ਦੇ ਵੀਡੀਓ ਸੰਦੇਸ਼ ਵਿਚ ਕਿਹਾ, ''ਸੰਸਦ ਵਿਚ ਲਏ ਗਏ ਇਕ ਗੈਰ-ਸੰਵਿਧਾਨਕ ਅਤੇ ਗੈਰ-ਕਾਨੂੰਨੀ ਫ਼ੈਸਲੇ ਨੂੰ ਅੱਜ ਕਾਨੂੰਨੀ ਘੋਸ਼ਿਤ ਕੀਤਾ ਗਿਆ। ਇਹ ਨਾ ਸਿਰਫ਼ ਜੰਮੂ-ਕਸ਼ਮੀਰ ਲਈ ਮੌਤ ਦੀ ਸਜ਼ਾ ਹੈ, ਸਗੋਂ ਭਾਰਤ ਦੇ ਸੰਕਲਪ ਨੂੰ ਵੀ ਫੇਲ੍ਹ ਕਰਦਾ ਹੈ।'' ਉਨ੍ਹਾਂ ਕਿਹਾ,“ਸੁਪਰੀਮ ਕੋਰਟ ਨੇ ਕਿਹਾ ਹੈ ਕਿ ਧਾਰਾ 370 ਅਸਥਾਈ ਸੀ, ਇਸ ਲਈ ਇਸ ਨੂੰ ਹਟਾਇਆ ਗਿਆ। ਇਹ ਨਾ ਸਿਰਫ਼ ਸਾਡੀ ਹਾਰ ਹੈ, ਸਗੋਂ ਭਾਰਤ ਦੇ ਸੰਕਲਪ ਦੀ ਨਾਕਾਮੀ ਵੀ ਹੈ। ਇਹ ਭਾਰਤ ਦੀ ਨਜ਼ਰੀਏ (ਮਹਾਤਮਾ) ਗਾਂਧੀ ਦੇ ਭਾਰਤ ਦੀ ਅਸਫ਼ਲਤਾ ਹੈ, ਜਿਸ ਨਾਲ ਜੰਮੂ-ਕਸ਼ਮੀਰ ਦੇ ਮੁਸਲਮਾਨਾਂ ਨੇ ਪਾਕਿਸਤਾਨ ਨੂੰ ਨਕਾਰ ਕੇ ਹਿੰਦੂ, ਬੌਧ, ਸਿੱਖ ਅਤੇ ਈਸਾਈ ਧਰਮਾਂ ਵਾਲੇ (ਮਹਾਤਮਾ) ਗਾਂਧੀ ਦੇ ਦੇਸ਼ ਨਾਲ ਹੱਥ ਮਿਲਾਇਆ ਸੀ। ਅੱਜ ਭਾਰਤ ਦਾ ਸੰਕਲਪ ਅਸਫ਼ਲ ਹੋ ਗਿਆ ਹੈ।'' ਸਾਬਕਾ ਮੁੱਖ ਮੰਤਰੀ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਨਿਰਾਸ਼ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,“ਨਿਰਾਸ਼ ਨਾ ਹੋਵੋ, ਉਮੀਦ ਨਾ ਛੱਡੋ। ਜੰਮੂ-ਕਸ਼ਮੀਰ ਨੇ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਅਦਾਲਤ ਦਾ ਫ਼ੈਸਲਾ ਮਹਿਜ਼ ਇਕ ਪੜ੍ਹਾਅ ਹੈ, ਇਹ ਸਾਡੀ ਮੰਜ਼ਿਲ ਨਹੀਂ ਹੈ। ਇਸ ਨੂੰ ਅੰਤ ਸਮਝਣ ਦੀ ਗਲਤੀ ਨਾ ਕਰੋ। ਸਾਡੇ ਵਿਰੋਧੀ ਚਾਹੁੰਦੇ ਹਨ ਕਿ ਅਸੀਂ ਉਮੀਦ ਛੱਡ ਦੇਈਏ ਅਤੇ ਹਾਰ ਸਵੀਕਾਰ ਕਰੀਏ ਪਰ ਅਜਿਹਾ ਨਹੀਂ ਹੋਵੇਗਾ।''

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ

ਪੀ.ਡੀ.ਪੀ. ਮੁਖੀ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਸੰਘਰਸ਼ ਇਕ ਸਿਆਸੀ ਲੜਾਈ ਹੈ, ਜੋ ਦਹਾਕਿਆਂ ਤੋਂ ਜਾਰੀ ਹੈ। ਉਨ੍ਹਾਂ ਕਿਹਾ,''ਕੋਈ ਫ਼ੈਸਲਾ ਅੰਤਿਮ ਨਹੀਂ ਹੈ, ਸੁਪਰੀਮ ਕੋਰਟ ਦਾ ਫ਼ੈਸਲਾ ਵੀ ਨਹੀਂ। ਇਹ ਇਕ ਰਾਜਨੀਤਕ ਲੜਾਈ ਹੈ, ਜੋ ਦਹਾਕਿਆਂ ਤੋਂ ਜਾਰੀ ਹੈ। ਸਾਡੇ ਲੋਕਾਂ ਨੇ ਬਲੀਦਾਨ ਦਿੱਤਾ ਹੈ ਅਤੇ ਅਸੀਂ ਵਿਚ ਲੜਾਈ ਨਹੀਂ ਛੱਡਾਂਗੇ।'' ਮੁਫ਼ਤੀ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਧਾਰਾ 370 ਨੂੰ ਸੰਵਿਧਾਨ ਦਾ ਅਸਥਾਈ ਪ੍ਰਬੰਧ ਐਲਾਨ ਕੀਤੇ ਜਾਣ ਕਾਰਨ ਉਨ੍ਹਾਂ ਤਾਕਤਾਂ ਨੂੰ ਬਲ ਮਿਲਿਆ ਹੈ ਜੋ ਦਾਅਵਾ ਕਰਦੀਆਂ ਹਨ ਕਿ ਜੰਮੂ ਕਸ਼ਮੀਰ ਦਾ ਭਾਰਤ 'ਚ ਰਲੇਵਾਂ ਅਸਥਾਈ ਹੈ। ਉਨ੍ਹਾਂ ਕਿਹਾ,''1947 'ਚ ਇਕ ਸਰਕਾਰ ਸੀ, ਇਕ ਸੰਸਦ ਸੀ ਅਤੇ ਇਕ ਸੰਵਿਧਾਨ ਬਣਾਇਆ ਗਿਆ ਸੀ। ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵਾਅਤੇ ਕੀਤੇ ਗਏ ਅਤੇ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਗਿਆ। 77 ਸਾਲ ਬਾਅਦ ਇਕ ਹੋਰ ਪਾਰਟੀ ਆਈ, ਜਿਸ ਨੇ ਸੱਤਾ 'ਚ ਆਉਣ 'ਤੇ ਧਾਰਾ 370 ਹਟਾਉਣ ਦੀ ਗੱਲ ਕਹੀ ਅਤੇ ਅਜਿਹਾ ਕੀਤਾ। ਇਹ ਸਾਡੀ ਨਹੀਂ ਸਗੋਂ ਦੇਸ਼ ਦੀ ਅਸਫ਼ਲਤਾ ਹੈ। ਉਨ੍ਹਾਂ ਨੇ ਸਾਨੂੰ ਧੋਖਾ ਦਿੱਤਾ, ਅਸੀਂ ਨਹੀਂ ਦਿੱਤਾ ਹੈ।'' ਮੁਫ਼ਤੀ ਨੇ ਕਿਹਾ,''ਅੱਜ, ਉਨ੍ਹਾਂ ਨੇ ਧਾਰਾ 370 ਨੂੰ ਅਸਥਾਈ ਐਲਾਨ ਕਰ ਕੇ ਦੇਸ਼ ਨੂੰ ਕਮਜ਼ੋਰ ਕਰ ਦਿੱਤਾ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha