ਸੀ.ਐੱਮ. ਉਧਵ ਅਤੇ ਪਵਾਰ ਵਿਚਾਲੇ ਬੈਠਕ ਖਤਮ, ਕੰਗਣਾ ਮਾਮਲੇ ''ਤੇ ਇਹ ਹੋਇਆ ਫੈਸਲਾ

09/09/2020 9:24:39 PM

ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਣਾ ਰਨੌਤ ਖਿਲਾਫ BMC ਦੀ ਕਾਰਵਾਈ ਨਾਲ ਮੁੰਬਈ 'ਚ ਸਿਆਸੀ ਹਲਚਲ ਵੱਧ ਗਈ ਹੈ। ਮਹਾਰਾਸ਼ਟਰ ਦੇ ਸੀ.ਐੱਮ. ਉਧਵ ਠਾਕਰੇ, ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਅਤੇ ਸ਼ਿਵ ਸੈਨਾ ਦੇ ਸੰਸਦ ਸੰਜੇ ਰਾਉਤ ਦੀ ਮੁਲਾਕਾਤ ਹੋਈ। ਤਿੰਨਾਂ ਨੇਤਾਵਾਂ ਦੀ ਇਹ ਮੁਲਾਕਾਤ ਸੀ.ਐੱਮ. ਘਰ 'ਤੇ ਹੋਈ। ਇਹ ਬੈਠਕ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਇਸ ਤੋਂ ਪਹਿਲਾਂ ਬੀ.ਐੱਮ.ਸੀ. ਦੇ ਕਮਿਸ਼ਨਰ ਸੀ.ਐੱਮ. ਉਧਵ ਠਾਕਰੇ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪੁੱਜੇ ਸਨ।

ਸੂਤਰਾਂ ਮੁਤਾਬਕ, ਉਧਵ ਠਾਕਰੇ ਅਤੇ ਸ਼ਰਦ ਪਵਾਰ ਦੀ ਮੁਲਾਕਾਤ 'ਚ ਮਰਾਠਾ ਰਾਖਵਾਂਕਰਣ 'ਤੇ ਚਰਚਾ ਹੋਈ। ਇਸਦੇ ਨਾਲ ਹੀ ਕੰਗਣਾ ਦੇ ਦਫ਼ਤਰ 'ਤੇ ਹੋਈ ਕਾਰਵਾਈ ਨੂੰ ਲੈ ਕੇ ਬੈਠਕ 'ਚ ਚਰਚਾ ਕੀਤੀ ਗਈ। ਬੈਠਕ 'ਚ ਕਿਹਾ ਗਿਆ ਕਿ ਕਾਰਵਾਈ ਬੀ.ਐੱਮ.ਸੀ. ਵਲੋਂ ਕੀਤੀ ਗਈ ਹੈ। ਇਸ 'ਚ ਸੂਬਾ ਸਰਕਾਰ ਦੀ ਦਖਲ ਅੰਦਾਜੀ ਨਹੀਂ ਹੈ ਅਤੇ ਇਹ ਸੂਬੇ ਦਾ ਮਾਮਲਾ ਵੀ ਨਹੀਂ ਹੈ। ਅਜਿਹੇ 'ਚ ਇਸ ਮਾਮਲੇ ਨੂੰ ਜ਼ਿਆਦਾ ਮਹੱਤਵ ਨਹੀਂ ਦੇਣਾ ਹੈ।

ਦੱਸ ਦਈਏ ਕਿ ਕੰਗਣਾ ਰਨੌਤ ਨੂੰ ਨਿਸ਼ਾਨੇ 'ਤੇ ਲੈ ਕੇ ਸ਼ਿਵ ਸੈਨਾ ਘਿਰ ਗਈ ਹੈ। ਗੱਠਜੋੜ 'ਚ ਹੀ ਉਸ ਨੂੰ ਸਹਿਯੋਗ ਨਹੀਂ ਮਿਲ ਰਿਹਾ ਹੈ। ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਬੀ.ਐੱਮ.ਸੀ. ਦੀ ਕਾਰਵਾਈ ਨੂੰ ਗੈਰ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬੀ.ਐੱਮ.ਸੀ. ਦੀ ਕਾਰਵਾਈ ਨੇ ਗੈਰ ਜ਼ਰੂਰੀ ਰੂਪ ਨਾਲ ਕੰਗਣਾ ਨੂੰ ਬੋਲਣ ਦਾ ਮੌਕਾ ਦਿੱਤਾ ਹੈ। ਮੁੰਬਈ 'ਚ ਕਈ ਹੋਰ ਗ਼ੈਰ-ਕਾਨੂੰਨੀ ਨਿਰਮਾਣ ਹਨ। ਇਹ ਦੇਖਣ ਦੀ ਜ਼ਰੂਰਤ ਹੈ ਕਿ ਅਧਿਕਾਰੀਆਂ ਨੇ ਇਹ ਫ਼ੈਸਲਾ ਕਿਉਂ ਲਿਆ।

ਕਾਂਗਰਸ ਨੇ ਵੀ ਪੱਲਾ ਝਾੜਿਆ
ਸ਼ਿਵ ਸੈਨਾ ਨੂੰ ਇਸ ਮੁੱਦੇ 'ਤੇ ਕਾਂਗਰਸ ਦਾ ਵੀ ਸਾਥ ਨਹੀਂ ਮਿਲ ਰਿਹਾ ਹੈ। ਮਹਾਰਾਸ਼ਟਰ 'ਚ ਕਾਂਗਰਸ ਦੇ ਨੇਤਾ ਸੰਜੇ ਨਿਰੂਪਮ ਨੇ ਟਵੀਟ ਕੀਤਾ ਕਿ ਕੰਗਣਾ ਦਾ ਦਫ਼ਤਰ ਗ਼ੈਰ-ਕਾਨੂੰਨੀ ਸੀ ਜਾਂ ਉਸ ਨੂੰ ਡਿਮਾਲਿਸ਼ ਕਰਨ ਦਾ ਤਰੀਕਾ? ਕਿਉਂਕਿ ਹਾਈ ਕੋਰਟ ਨੇ ਕਾਰਵਾਈ ਨੂੰ ਗਲਤ ਮੰਨਿਆ ਅਤੇ ਤੱਤਕਾਲ ਰੋਕ ਲਗਾ ਦਿੱਤੀ। ਬਦਲੇ ਦੀ ਰਾਜਨੀਤੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ। ਕਿਤੇ ਇੱਕ ਦਫ਼ਤਰ ਦੇ ਚੱਕਰ 'ਚ ਸ਼ਿਵ ਸੈਨਾ ਦਾ ਡਿਮਾਲਿਸ਼ਨ ਨਾ ਸ਼ੁਰੂ ਹੋ ਜਾਵੇ।

ਸੰਜੇ ਰਾਉਤ ਨੇ ਦਿੱਤੀ ਇਹ ਪ੍ਰਤੀਕਿਰਿਆ
ਉਥੇ ਹੀ, ਕੰਗਣਾ ਰਨੌਤ ਨਾਲ ਜਾਰੀ ਵਿਵਾਦ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਬਿਆਨ ਦਿੱਤਾ ਹੈ। ਬੀ.ਐੱਮ.ਸੀ. ਵੱਲੋਂ ਲਏ ਗਏ ਐਕਸ਼ਨ 'ਤੇ ਸੰਜੇ ਰਾਉਤ ਨੇ ਕਿਹਾ ਕਿ ਉਹ ਸਰਕਾਰ ਦਾ ਐਕਸ਼ਨ ਹੈ, ਉਸ 'ਚ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਕੰਗਣਾ ਵੱਲੋਂ ਸ਼ਿਵ ਸੈਨਾ ਨੂੰ ਬਾਬਰ ਦੀ ਫੌਜ ਕਹਿਣ 'ਤੇ ਸੰਜੇ ਰਾਉਤ ਨੇ ਕਿਹਾ ਕਿ ਬਾਬਰੀ ਮਸੀਤ ਤੋੜਨ ਵਾਲੇ ਹੀ ਅਸੀਂ ਲੋਕ ਹਾਂ, ਤਾਂ ਸਾਨੂੰ ਕੀ ਕਹਿ ਰਹੇ ਹੋ।

Inder Prajapati

This news is Content Editor Inder Prajapati