ਮਾਤਾ ਵੈਸ਼ਨੋ ਦੇਵੀ ਭਵਨ ’ਚ ਗੋਲਡਨ ਗੇਟ ਸ਼ਰਧਾਲੂਆਂ ਲਈ ਬਣਿਆ ਖਿੱਚ ਦਾ ਕੇਂਦਰ

12/25/2019 12:04:05 PM

ਜੰਮੂ (ਵਾਰਤਾ)- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਭਵਨ ’ਚ ਬੀਤੀ ਅਕਤੂਬਰ ਵਿਚ ਨਵਰਾਤਿਆਂ ਦੇ ਮੌਕੇ ਸਥਾਪਤ ਕੀਤਾ ਗਿਆ ‘ਗੋਲਡਨ ਗੇਟ' ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਅਲਵਿਦਾ ਲੈਂਦੇ ਸਾਲ 2019 ’ਚ ਜਨਵਰੀ ਤੋਂ ਨਵੰਬਰ ਤਕ 11 ਮਹੀਨਿਆਂ ਵਿਚ 73 ਲੱਖ ਤੋਂ ਵਧੇਰੇ ਸ਼ਰਧਾਲੂ ਇੱਥੇ ਆਏ ਹਨ, ਜਿਸ ਵਿਚ ਸਭ ਤੋਂ ਵਧ ਗਿਣਤੀ ਮਈ ਅਤੇ ਜੂਨ ਵਿਚ ਰਹੀ। ਪਿਛਲੇ ਸਾਲ ਇਹ ਅੰਕੜਾ 84 ਲੱਖ ਤੋਂ ਵਧੇਰੇ ਸੀ। 

ਸਾਲ 2019 ਦੀ ਸਮਾਪਤੀ ਹੋਣ ਵਿਚ ਇਕ ਹਫਤਾ ਬਾਕੀ ਹੈ ਅਤੇ ਇਸ ਸਮੇਂ ਦੌਰਾਨ ਡੇਢ ਲੱਖ ਦੇ ਕਰੀਬ ਸ਼ਰਧਾਲੂਆਂ ਦੇ ਇੱਥੇ ਆਉਣ ਦੀ ਉਮੀਦ ਹੈ, ਜਿਸ ਨਾਲ ਇਹ ਗਿਣਤੀ 77 ਲੱਖ ਤੋਂ ਪਾਰ ਪਹੁੰਚ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬੀਤੀ ਅਗਸਤ ਵਿਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਸਤੰਬਰ ਵਿਚ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿਚ ਮਾਮੂਲੀ ਕਮੀ ਆਈ ਪਰ ਅਕਤੂਬਰ ਵਿਚ ਨਵਰਾਤਿਆਂ ਦੌਰਾਨ ਇਹ ਗਿਣਤੀ ਫਿਰ ਵਧਦੀ ਗਈ। ਉਨ੍ਹਾਂ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਰੋਜ਼ਾਨਾ ਦੀ 50 ਤੋਂ 60 ਹਜ਼ਾਰ ਸ਼ਰਧਾਲੂਆਂ ਦੀ ਭੀੜ ਨੂੰ ਸੰਭਾਲਣ ਵਿਚ ਸਮਰੱਥ ਹੈ। 

ਦਸੰਬਰ ਦੇ ਮੱਧ ਵਿਚ ਠੰਡ ਦੇ ਮੌਸਮ ਕਾਰਨ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਔਸਤਨ 12 ਤੋਂ 15 ਹਜ਼ਾਰ ਹੈ ਪਰ ਬਰਫਬਾਰੀ ਖਤਮ ਹੋਣ ਤੋਂ ਬਾਅਦ ਅਤੇ ਨਵੇਂ ਸਾਲ ਮੌਕੇ ਇਸ ਵਿਚ ਇਜ਼ਾਫਾ ਹੋਵੇਗਾ। ਪਿਛਲੇ ਸਾਲ ਮਾਤਾ ਵੈਸ਼ਨੋ ਦੇਵੀ ਭਵਨ ਅਤੇ ਭੈਰੋਂ ਘਾਟੀ ਦਰਮਿਆਨ ਸ਼ੁਰੂ ਕੀਤੇ ਗਏ ਰੋਪਵੇਅ ਦੀ ਸਹੂਲਤ ਵੀ ਯਾਤਰੀਆਂ ਦੀ ਗਿਣਤੀ ਵਧਾਉਣ ਵਿਚ ਸਹਾਇਕ ਰਹੀ ਹੈ। ਮਾਤਾ ਦੇ ਮੰਦਰ ਦੀ ਕੁਦਰਤੀ ਗੁਫਾ ਨੇੜੇ ਗੋਲਡਨ ਗੇਟ ਵੱਲ ਵੀ ਸ਼ਰਧਾਲੂ ਆਕਰਸ਼ਿਤ ਹੋਏ ਹਨ। ਇਸ ਗੇਟ ’ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾਲ ਇਕ ਗੁੰਬਦ, ਤਿੰਨ ਸੁਨਹਿਰੀ ਝੰਡੇ ਅਤੇ ਇਕ ਵਿਸ਼ਾਲ ਛਤਰੀ ਤੋਂ ਇਲਾਵਾ ਮਾਤਾ ਦੇ ਅਵਤਾਰਾਂ ਨੂੰ ਦਰਸਾਇਆ ਗਿਆ ਹੈ। 
 

Tanu

This news is Content Editor Tanu