ਧੀ ਦੇ ਵਿਆਹ 'ਤੇ ਖਰਚੇ ਕਰੋੜਾਂ, ਅੰਬਾਨੀ ਨੇ ਆਪਣੇ ਵਿਆਹ 'ਤੇ ਪਾਇਆ ਸੀ ਕੁੜਤਾ-ਪਜਾਮਾ

12/13/2018 6:24:30 PM

ਨਵੀਂ ਦਿੱਲੀ — ਬੇਟੀ ਦੇ ਵਿਆਹ 'ਤੇ 6 ਲੱਖ ਦਾ ਡੱਬਾ ਵੰਡਣ ਅਤੇ ਮਹਿਮਾਨਾਂ ਦੇ ਸਵਾਗਤ ਲਈ 200 ਚਾਰਟਰਡ ਪਲੇਨ ਹਾਇਰ ਕਰਨ ਵਾਲੇ ਭਾਰਤ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਆਪਣਾ ਵਿਆਹ ਏਨੀ ਸ਼ਾਨੋ-ਸ਼ੌਕਤ ਨਾਲ ਨਹੀਂ ਹੋਇਆ ਸੀ। ਭਾਰਤੀ ਰੀਤੀ-ਰਿਵਾਜ਼ਾਂ ਨਾਲ ਹੋਏ ਆਪਣੇ ਇਸ ਵਿਆਹ 'ਚ ਮੁਕੇਸ਼ ਅੰਬਾਨੀ ਕੁੜਤਾ ਪਜਾਮਾ ਪਾ ਕੇ ਨੀਤਾ ਨੂੰ ਵਿਆਉਣ ਲਈ ਆਏ ਸਨ। ਹਾਲਾਂਕਿ ਉਸ ਸਮੇਂ ਰਿਲਾਇੰਸ ਗਰੁੱਪ ਨੇ ਆਪਣੀ ਪਛਾਣ ਬਣਾ ਲਈ ਸੀ। ਮੁਕੇਸ਼ ਅੰਬਾਨੀ ਦੇ ਪਿਤਾ ਅਤੇ ਰਿਲਾਇੰਸ ਗਰੁੱਪ ਦੀ ਸ਼ੁਰੂਆਤ ਕਰਨ ਵਾਲੇ ਧੀਰੂ ਭਾਈ ਅੰਬਾਨੀ ਆਪਣੇ ਪੁੱਤਰ ਦੇ ਵਿਆਹ 'ਤੇ ਸੂਟ ਪਾਉਣ ਦੀ ਥਾਂ ਸਾਦੀ ਪੈਂਟ-ਸ਼ਰਟ ਵਿਚ ਆਏ ਸਨ। ਕੋਕਿਲਾਬੇਨ ਦੇ ਨਾਲ ਤਸਵੀਰ 'ਚ ਨੀਤਾ ਅੰਬਾਨੀ ਵੀ ਹਰੇ ਰੰਗ ਦੀ ਸਾੜ੍ਹੀ ਵਿਚ ਦਿਖਾਈ ਦੇ ਰਹੀ ਹੈ।      

ਬਦਲ ਗਈ ਹੈ ਰਿਲਾਇੰਸ ਗਰੁੱਪ ਦੀ ਕਿਸਮਤ

ਸਮੇਂ-ਸਮੇਂ ਦੀ ਗੱਲ ਹੈ ਧੀਰੂ ਭਾਈ ਅੰਬਾਨੀ ਦਾ ਲਗਾਇਆ ਪੌਦਾ ਅੱਜ ਵੱਡਾ ਦਰੱਖਤ ਬਣ ਚੁੱਕਾ ਹੈ। ਅੱਜ ਅੰਬਾਨੀ ਪਰਿਵਾਰ ਦਾ ਹਰ ਮੈਂਬਰ ਇਕ ਫੰਕਸ਼ਨ ਦੀ ਪੌਸ਼ਾਕ ਲਈ ਹੀ ਲੱਖਾਂ ਰੁਪਏ ਖਰਚ ਕਰ ਦਿੰਦਾ ਹੈ। ਹਰੇਕ ਪੌਸ਼ਾਕ ਡਰੈੱਸ ਡਿਜ਼ਾਇਨਰ ਵਲੋਂ ਡਿਜ਼ਾਈਨ ਕੀਤੀ ਜਾ ਰਹੀ ਹੈ ਅਤੇ ਉਸ ਡਰੈੱਸ 'ਤੇ ਲੱਖਾਂ ਰੁਪਏ ਦੀ ਲਾਗਤ ਵੀ ਲੱਗ ਰਹੀ ਹੈ। ਨੀਤਾ ਅੰਬਾਨੀ ਦਾ ਹਰ ਲਿਬਾਸ ਇਕ ਖਾਸ ਅੰਦਾਜ਼ ਨਾਲ ਸਜਿਆ ਹੁੰਦਾ ਹੈ। ਈਸ਼ਾ ਦੀਆਂ ਪੌਸ਼ਾਕ ਵੀ ਖਾਸ ਤੌਰ 'ਤੇ ਡਿਜ਼ਾਈਨ ਕੀਤੀਆਂ ਗਈਆਂ ਹਨ। ਮੁਕੇਸ਼ ਅੰਬਾਨੀ ਵੀ ਅੱਜ ਮਹਿੰਗੇ ਤੋਂ ਮਹਿੰਗਾ ਸੂਟ ਪਹਿਣਦੇ ਹਨ। ਮੁਕੇਸ਼ ਅੰਬਾਨੀ ਦੇ ਮਾਤਾ ਜੀ ਕੋਕਿਲਾਬੇਨ ਵੀ ਅੱਜ ਸ਼ਾਹੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। ਕਿਸੇ ਨੇ ਸੱਚ ਹੀ ਕਿਹਾ ਕਿ ਸਮਾਂ ਬਹੁਤ ਬਲਵਾਨ ਹੈ।

ਮੁਕੇਸ਼ ਨੇ ਖਰਚਿਆ ਧੀ ਦੇ ਵਿਆਹ 'ਤੇ ਕਰੋੜਾਂ

ਸੂਤਰਾਂ ਅਨੁਸਾਰ ਮੁਕੇਸ਼ ਅੰਬਾਨੀ ਵਲੋਂ ਆਪਣੀ ਲਾਡਲੀ ਧੀ ਈਸ਼ਾ ਦੇ ਵਿਆਹ ਲਈ ਅੰਦਾਜ਼ਨ 1000 ਕਰੋੜ ਰੁਪਏ ਦਾ ਖਰਚਾ ਕੀਤਾ ਗਿਆ ਹੈ। ਇਹ ਵਿਆਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹਾਂ ਵਿਚ ਸ਼ਾਮਲ ਹੋ ਗਿਆ ਹੈ। ਈਸ਼ਾ ਦੀ ਮੰਗਣੀ ਦੀਆਂ ਰਸਮਾਂ, ਉਦੇਪੁਰ 'ਚ ਹੋਈ ਪ੍ਰੀ-ਵੈਡਿੰਗ ਸੈਰੇਮਨੀ ਅਤੇ ਉਸ ਤੋਂ ਬਾਅਦ ਹੋਏ ਵਿਆਹ 'ਚ ਮੁਕੇਸ਼ ਅੰਬਾਨੀ ਨੇ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ। 

ਮੁਕੇਸ਼ ਅੰਬਾਨੀ ਨੇ ਬੇਟੀ ਦੇ ਵਿਆਹ 'ਤੇ 400 ਤੋਂ ਜ਼ਿਆਦਾ ਤਰ੍ਹਾਂ ਦੇ ਪਕਵਾਨਾਂ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ। 5100 ਗਰੀਬ,ਅਨਾਥ ਅਤੇ ਅਪਾਹਜ ਲੋਕਾਂ ਨੂੰ 3 ਦਿਨਾਂ ਤੱਕ ਤਿੰਨ ਸਮੇਂ ਭੋਜਨ ਖਵਾਇਆ , ਸਕੂਲਾਂ ਵਿਚ ਤੋਹਫੇ ਵੰਡੇ ਗਏ। ਮਹਿਮਾਨਾਂ ਦੀ ਸੁਰੱਖਿਆ ਲਈ ਵਿਦੇਸ਼ ਤੋਂ ਸਪੈਸ਼ਲ ਫੋਰਸ ਮੰਗਵਾਈ ਗਈ। ਮਹਿਮਾਨਾਂ ਲਈ 1000 ਲਗਜ਼ਰੀ ਵਾਹਨਾਂ ਅਤੇ 200 ਚਾਰਟਡ ਪਲੇਨਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਏਅਰ ਪੋਰਟ 'ਤੇ ਹਰ 16 ਮਿੰਟ ਬਾਅਦ ਪਲੇਨ ਉਤਰ ਰਹੇ ਸਨ। ਸੱਚ ਹੀ ਹੈ ਕਿ ਇਹ ਵਿਆਹ ਭਾਰਤ ਦੇਸ਼ ਦੇ ਇਤਿਹਾਸ 'ਚ ਆਪਣੀ ਵੱਖਰੀ ਛਾਪ ਛੱਡ ਗਿਆ ਹੈ।