ਗੈਂਗਸਟਰ ਕਾਲਾ ਜਠੇੜੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ''ਤੇ, ਡਰੋਨ ਨਾਲ ਹੋਵੇਗੀ ਨਿਗਰਾਨੀ

03/11/2024 5:07:00 PM

ਨਵੀਂ ਦਿੱਲੀ- ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਅਤੇ ਆਦਤਨ ਅਪਰਾਧੀ ਅਨੁਰਾਧਾ ਚੌਧਰੀ ਉਰਫ਼ ਮੈਡਮ ਮਿੰਜ ਦਾ 12 ਮਾਰਚ ਨੂੰ ਵਿਆਹ ਹੈ। ਵਿਆਹ ਲਈ ਦਿੱਲੀ ਦਾ ਇਕ ਬੈਂਕਏਟ ਹਾਲ ਲੱਗਭਗ ਕਿਲ੍ਹ ਵਿਚ  ਤਬਦੀਲ ਹੋ ਚੁੱਕਾ ਹੈ ਅਤੇ ਨਿਗਰਾਨੀ ਲਈ ਡਰੋਨ ਦੀ ਮਦਦ ਲਈ ਜਾਵੇਗੀ। ਬੈਂਕਏਟ ਹਾਲ ਦੇ ਐਂਟਰੀ ਗੇਟ 'ਤੇ ਧਾਤੂ ਦੀ ਪਛਾਣ ਕਰਨ ਵਾਲੇ ਡਿਟੈਕਟਰ ਲਾਏ ਗਏ ਹਨ। ਵਿਆਹ ਸਮਾਗਮ ਵਿਚ ਆਉਣ ਵਾਲੇ ਲੋਕਾਂ 'ਤੇ ਡਰੋਨ ਨਾਲ ਨਜ਼ਰ ਰੱਖੀ ਜਾਵੇਗੀ ਅਤੇ ਸੁਰੱਖਿਆ ਲਈ ਹਥਿਆਰਬੰਦ ਕਮਾਂਡੋ ਤਾਇਨਾਤ ਕੀਤੇ ਗਏ ਹਨ। 

ਸੂਤਰਾਂ ਮੁਤਾਬਕ ਦਿੱਲੀ ਪੁਲਸ ਨੇ ਗੈਂਗਵਾਰ ਦੇ ਨਾਲ-ਨਾਲ ਸੰਦੀਪ ਦੇ ਹਿਰਾਸਤ ਤੋਂ ਫ਼ਰਾਰ ਹੋਣ ਵਰਗੀ ਕਿਸੇ ਵੀ ਘਟਨਾ ਤੋਂ ਬਚਣ ਲਈ ਯੋਜਨਾ ਤਿਆਰ ਕੀਤੀ ਹੈ। ਦੁਆਰਕਾ ਸੈਕਟਰ-3 ਸਥਿਤ ਸੰਤੋਸ਼ ਗਾਰਡਨ ਬੈਂਕਏਟ ਹਾਲ ਨੂੰ ਸੰਦੀਪ ਦੇ ਵਕੀਲ ਨੇ 51 ਹਜ਼ਾਰ ਵਿਚ ਬੁੱਕ ਕੀਤਾ ਹੈ, ਜੋ ਤਿਹਾੜ ਜੇਲ੍ਹ ਤੋਂ 7 ਕਿਲੋਮੀਟਰ ਦੂਰ ਹੈ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਬੈਂਕਏਟ ਹਾਲ ਦੇ ਐਂਟਰੀ ਗੇਟ 'ਤੇ ਧਾਤੂ ਡਿਟੈਕਟਰ ਲਾਏ ਗਏ ਹਨ। ਵਿਆਹ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਐਂਟਰੀ ਤੋਂ ਪਹਿਲਾਂ ਬਾਰ-ਕੋਡ ਬੈਂਡ ਦਿੱਤੇ ਜਾਣਗੇ। 

ਐਂਟਰੀ ਪਾਸ ਬਿਨਾਂ ਕਿਸੇ ਵੀ ਵਾਹਨ ਨੂੰ ਬੈਂਕਏਟ ਹਾਲ ਨੇੜੇ ਪਾਰਕਿੰਗ ਵਿਚ ਗੱਡੀ ਪਾਰਕ ਕਰਨ ਦਾ ਆਗਿਆ ਨਹੀਂ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਅੱਧਾ ਦਰਜਨ ਤੋਂ ਵੱਧ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਵਿਆਹ ਦੌਰਾਨ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਸੰਦੀਪ ਦੇ ਵਿਆਹ ਦੀ ਰਸਮ 250 ਪੁਲਸ ਮੁਲਾਜ਼ਮਾਂ ਅਤੇ ਉੱਚ ਤਕਨੀਕ ਵਾਲੇ ਹਥਿਆਰਾਂ ਨਾਲ ਲੈਸ ਸਵੈਟ ਕਮਾਂਡੋ ਦੀ ਤਾਇਨਾਤੀ ਹੇਠ ਹੋਵੇਗੀ। ਸੂਤਰਾਂ ਅਨੁਸਾਰ ਪੁਲੀਸ ਮੁਲਾਜ਼ਮਾਂ ਵਿੱਚ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਹਰਿਆਣਾ ਦੀ ਅਪਰਾਧ ਜਾਂਚ ਏਜੰਸੀ (ਸੀਆਈਏ) ਦੀਆਂ ਟੀਮਾਂ ਸ਼ਾਮਲ ਹੋਣਗੀਆਂ।
 

Tanu

This news is Content Editor Tanu