ਰਾਜ ਸਭਾ ਉੱਪ ਚੋਣਾਂ : ਮਨਮੋਹਨ ਸਿੰਘ ਰਾਜਸਥਾਨ ਤੋਂ ਬਿਨਾਂ ਵਿਰੋਧ ਚੁਣੇ ਗਏ

08/19/2019 5:00:35 PM

ਜੈਪੁਰ— ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣ ਲਏ ਗਏ। ਮਨਮੋਹਨ ਸਿੰਘ ਦੀ ਚੋਣ ਬਿਨਾਂ ਵਿਰੋਧ ਹੋਈ ਹੈ, ਕਿਉਂਕਿ ਭਾਜਪਾ ਨੇ ਮਨਮੋਹਨ ਵਿਰੁੱਧ ਕੋਈ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਸੀ। ਇਸ ਲਈ ਉਮੀਦਵਾਰਾਂ ਦੇ ਨਾਂ ਵਾਪਸ ਲੈਣ ਦੀ ਆਖਰੀ ਤਾਰੀਕ ਬੀਤਣ ਤੋਂ ਬਾਅਦ ਉਨ੍ਹਾਂ ਨੂੰ ਬਿਨਾਂ ਵਿਰੋਧ ਚੁਣੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਰਾਜ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮਨਮੋਹਨ ਸਿੰਘ ਨੂੰ ਰਾਜ ਸਭਾ ਲਈ ਚੁਣੇ ਜਾਣ 'ਤੇ ਵਧਾਈ ਦਿੱਤੀ। ਕਾਂਗਰਸ ਨੇ ਟਵੀਟ ਕਰ ਕੇ ਉਨ੍ਹਾਂ ਦੇ ਚੁਣੇ ਜਾਣ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ।
 

ਅਸ਼ੋਕ ਗਹਿਲੋਤ ਨੇ ਟਵੀਟ ਕਰ ਦਿੱਤੀ ਵਧਾਈ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ,''ਮੈਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਦੇ ਰੂਪ ਵਜੋਂ ਬਿਨਾਂ ਵਿਰੋਧ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਡਾ. ਸਿੰਘ ਨੂੰ ਚੁਣਿਆ ਜਾਣਾ ਪੂਰੇ ਰਾਜ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੇ ਵਿਆਪਕ ਗਿਆਨ ਅਤੇ ਵੱਡੇ ਅਨੁਭਵ ਨਾਲ ਰਾਜਸਥਾਨ ਦੀ ਜਨਤਾ ਨੂੰ ਬਹੁਤ ਲਾਭ ਹੋਵੇਗਾ।''
ਕਾਂਗਰਸ ਨੇ ਟਵਿੱਟਰ ਹੈਂਡਲ 'ਤੇ ਸਾਂਝਾ ਕੀਤਾ ਪ੍ਰਮਾਣ ਪੱਤਰ
ਇਸੇ ਤਰ੍ਹਾਂ ਕਾਂਗਰਸ ਨੇ ਆਪਣੇ ਟਵਿੱਟਰ ਹੈਂਡ ਤੋਂ ਉਨ੍ਹਾਂ ਦੇ ਚੁਣੇ ਜਾਣ ਦਾ ਪ੍ਰਮਾਣ ਪੱਤਰ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਸਾਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਰਾਜਸਥਾਨ ਤੋਂ ਰਾਜਸਭਾ ਮੈਂਬਰ ਚੁਣੇ ਜਾਣ 'ਤੇ ਵਧਾਈ ਦਿੰਦੇ ਹਾਂ। ਉਨ੍ਹਾਂ ਦੇ ਗਿਆਨ ਦੇ ਭੰਡਾਰ, ਕਰਤੱਵ ਅਤੇ ਸਾਲਾਂ ਦੇ ਅਨੁਭਵ ਨਾਲ ਸਾਰਿਆਂ ਨੂੰ ਲਾਭ ਹੋਵੇਗਾ।''ਮਨਮੋਹਨ ਦੀ ਬਿਨਾਂ ਵਿਰੋਧ ਚੋਣ ਲਗਭਗ ਤੈਅ ਸੀ
ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਰਾਜਸਥਾਨ ਤੋਂ ਰਾਜ ਸਭਾ ਲਈ ਬਿਨਾਂ ਵਿਰੋਧ ਚੁਣਿਆ ਜਾਣਾ ਲਗਭਗ ਤੈਅ ਸੀ। ਵਿਧਾਨ ਸਭਾ 'ਚ ਨੇਤਾ ਵਿਰੋਧੀ ਗੁਲਾਬ ਚੰਦ ਕਟਾਰੀਆ ਨੇ ਕਿਹਾ ਸੀ ਕਿ ਭਾਜਪਾ ਰਾਜਸਥਾਨ ਤੋਂ ਰਾਜ ਸਭਾ ਸੀਟ ਦੀਆਂ ਉੱਪ ਚੋਣਾਂ ਲਈ ਆਪਣਾ ਉਮੀਦਵਾਰ ਨਹੀਂ ਉਤਾਰੇਗੀ। ਰਾਜ ਵਿਧਾਨ ਸਭਾ ਦਾ ਸੰਖਿਆ ਬਲ ਕਾਂਗਰਸ ਦੇ ਪੱਖ 'ਚ ਹੈ। ਰਾਜਸਥਾਨ ਵਿਧਾਨ ਸਭਾ 'ਚ ਕੁੱਲ 200 ਸੀਟਾਂ ਹਨ। ਕਾਂਗਰਸ ਕੋਲ 100 ਵਿਧਾਇਕ ਹਨ, ਜਦੋਂ ਕਿ ਉਸ ਦੇ ਗਠਜੋੜ ਸਹਿਯੋਗੀ ਰਾਸ਼ਟਰੀ ਲੋਕਦਲ ਦਾ ਇਕ ਵਿਧਾਇਕ ਹੈ। ਭਾਰਤੀ ਜਨਤਾ ਪਾਰਟੀ ਕੋਲ 72, ਬਹੁਜਨ ਸਮਾਜ ਪਾਰਟੀ ਕੋਲ 6, ਭਾਰਤੀ ਟ੍ਰਾਈਬਲ ਪਾਰਟੀ, ਸੀ.ਪੀ.ਐੱਮ. ਅਤੇ ਰਾਸ਼ਟਰੀ ਲੋਕਤੰਤਰੀ ਪਾਰਟੀ ਕੋਲ 2-2 ਵਿਧਾਇਕ ਹਨ। 13 ਆਜ਼ਾਦ ਵਿਧਾਇਕ ਹਨ ਤਾਂ 2 ਸੀਟਾਂ ਖਾਲੀ ਹਨ।

DIsha

This news is Content Editor DIsha