ਸਿੱਖਿਆ ਦੇ ਪੱਧਰ 'ਚ ਸੁਧਾਰ ਲਈ ਦਿੱਲੀ ਸਰਕਾਰ ਕਰਨ ਜਾ ਰਹੀ ਹੈ ਵੱਡਾ ਬਦਲਾਅ

09/10/2019 5:37:01 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਛੇਤੀ ਹੀ ਦਿੱਲੀ ਦਾ ਆਪਣਾ ਸਿੱਖਿਆ ਬੋਰਡ ਹੋਵੇਗਾ ਪਰ ਉਹ ਸੀ. ਬੀ. ਐੱਸ. ਈ. ਦੀ ਥਾਂ ਨਹੀਂ ਲਵੇਗਾ। ਉਨ੍ਹਾਂ ਕਿਹਾ ਕਿ ਇਹ ਅਗਲੀ ਪੀੜ੍ਹੀ ਦਾ ਬੋਰਡ ਹੋਵੇਗਾ, ਜੋ ਜੇ. ਈ. ਈ. ਅਤੇ ਨੀਟ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ 'ਚ ਵਿਦਿਆਰਥੀਆਂ ਦੀ ਮਦਦ ਕਰੇਗਾ। ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਬੋਰਡ ਨੂੰ ਅਜਿਹੇ ਰੂਪ ਵਿਚ ਦੇਖਦੀ ਹੈ, ਜੋ ਮੌਜੂਦਾ ਹਾਲਾਤ ਦਾ ਹੱਲ ਹੋਵੇਗਾ। ਮੌਜੂਦਾ ਸਮੇਂ 'ਚ ਵਿਦਿਆਰਥੀ ਸਕੂਲਾਂ ਦੀ ਮਦਦ ਨਾਲ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਪਰ ਉਨ੍ਹਾਂ ਨੂੰ ਇੰਜੀਨੀਅਰਿੰਗ ਅਤੇ ਮੈਡੀਕਲ ਪਾਸ ਕਰਨ ਲਈ ਕੋਚਿੰਗ ਸੈਂਟਰਾਂ ਦਾ ਸਹਾਰਾ ਲੈਣਾ ਪੈਂਦਾ ਹੈ। 

ਸਿਸੋਦੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 2015 'ਚ ਇਸ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਉਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਦੋਂ ਅਸੀਂ ਇਮਾਰਤਾਂ ਦੀ ਹਾਲਤ ਦੇਖੀ ਅਤੇ ਜਮਾਤਾਂ ਵਿਚ ਸਿੱਖਿਆ ਦੇ ਮਾਹੌਲ ਨੂੰ ਮਹਿਸੂਸ ਕੀਤਾ ਤਾਂ ਸਾਨੂੰ ਲੱਗਾ ਕਿ ਨਵਾਂ ਬੋਰਡ ਬਣਾਉਣ ਦੀ ਬਜਾਏ ਢਾਂਚਾਗਤ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦਾ ਆਪਣਾ ਸਿੱਖਿਆ ਬੋਰਡ ਬਣਾਉਣ ਦਾ ਸਮਾਂ ਆ ਗਿਆ ਹੈ। ਸਰਕਾਰ ਇਸ 'ਤੇ ਕੰਮ ਕਰ ਰਹੀ ਹੈ। ਬੋਰਡ ਅਤੇ ਇਸ ਦਾ ਸਿਲੇਬਸ ਕਿਵੇਂ ਦਾ ਹੋਵੇਗਾ, ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਵਿਸ਼ਿਆਂ 'ਤੇ ਵੱਖਰੇ-ਵੱਖਰੇ ਗਰੇਡ ਦੇਣ ਦੀ ਯੋਜਨਾ ਹੈ।

Tanu

This news is Content Editor Tanu