ਗੁਆਂਢੀ ਦੇਸ਼ਾਂ ਨਾਲ ਮੋਦੀ ਦੀ ਨੀਤੀ 'ਤੇ ਭੜਕੇ ਅਈਅਰ

07/15/2018 4:47:24 PM

ਨਵੀਂ ਦਿੱਲੀ— ਕਾਂਗਰਸ ਤੋਂ ਮੁਅੱਤਲ ਨੇਤਾ ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੁਆਂਢੀ ਦੇਸ਼ਾਂ ਖਾਸ ਕਰ ਕੇ ਨੇਪਾਲ ਪ੍ਰਤੀ ਨੀਤੀ ਦੀ ਤਿੱਖੇ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਸ਼ਨੀਵਾਰ ਦੋਸ਼ ਲਾਇਆ ਕਿ ਇਹ ਨੀਤੀ ਨੇਪਾਲ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੇ ਰਹੀ ਹੈ। 
ਅਈਅਰ ਨੇ ਇਕ ਗੋਸ਼ਠੀ 'ਚ ਬੋਲਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਖਾਸ ਕਰਕੇ ਪਾਕਿਸਤਾਨ, ਭੂਟਾਨ ਅਤੇ ਨੇਪਾਲ ਵਰਗੇ ਗੁਆਂਢੀ ਦੇਸ਼ਾਂ ਨਾਲ ਬਹੁਤ ਖਰਾਬ ਹੈ। ਨੇਪਾਲ ਦੇ ਅੰਦਰੂਨੀ ਮਾਮਲਿਆਂ ਵਿਚ ਮੋਦੀ ਨੇ 2014 ਵਿਚ ਉਦੋਂ ਦਖਲ ਦੇਣਾ ਸ਼ੁਰੂ ਕੀਤਾ ਸੀ, ਜਦੋਂ ਉਨ੍ਹਾਂ ਜਨਕਪੁਰੀ ਵਿਚ ਸਾਈਕਲ ਵੰਡਣ ਅਤੇ ਰੈਲੀ ਨੂੰ ਸੰਬੋਧਨ ਕਰਨ ਦੀ ਯੋਜਨਾ ਬਣਾਈ ਸੀ। ਅਈਅਰ ਨੇ ਕਿਹਾ ਕਿ ਮੋਦੀ ਨੇ ਨੇਪਾਲੀ ਆਗੂਆਂ ਨੂੰ ਸੰਵਿਧਾਨ 'ਚ ਸੋਧ ਦੀ ਸਲਾਹ ਦਿੱਤੀ ਸੀ, ਜਿਸ ਨੂੰ ਲੈ ਕੇ ਨੇਪਾਲ ਵਿਚ ਤਿੱਖੀ ਪ੍ਰਤੀਕਿਰਿਆ ਹੋਈ। ਉਥੋਂ ਦੇ ਲੋਕਾਂ ਨੇ ਮੋਦੀ ਦੀ ਤੁਲਨਾ ਬਰਤਾਨਵੀ ਵਾਇਸਰਾਏ ਮਾਊਂਟਬੈਟਨ ਅਤੇ ਕਰਜ਼ਨ ਨਾਲ ਕਰਨੀ ਸ਼ੁਰੂ ਕਰ ਦਿੱਤੀ ਸੀ।