ਦਿੱਲੀ ''ਚ ਭੀੜ ਨੇ ਲੁੱਟੇ ਫਲ ਵੇਚਣ ਵਾਲੇ ਤੋਂ ਹਜ਼ਾਰਾਂ ਰੁਪਏ ਦੇ ਅੰਬ

05/24/2020 12:32:17 PM

ਨਵੀਂ ਦਿੱਲੀ-ਇਸ ਸਮੇਂ ਦੇਸ਼ ਸੰਕਟ ਦੇ ਦੌਰ 'ਚੋ ਲੰਘ ਰਿਹਾ ਹੈ। ਲਾਕਡਾਊਨ ਦੇ ਕਾਰਨ ਲੱਖਾਂ ਲੋਕ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਗਏ ਹਨ। ਅਜਿਹੇ 'ਚ ਕਈ ਥਾਵਾਂ 'ਤੇ ਲੁੱਟਖੋਹ ਦੀਆਂ ਵਾਰਦਾਤਾਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ ਕਿ ਜਿੱਥੇ ਇਕ ਰੇਹੜੀ ਵਾਲੇ ਸ਼ਖਸ ਤੋਂ ਲੋਕਾਂ ਨੇ ਹਜ਼ਾਰਾਂ ਰੁਪਏ ਦੇ ਅੰਬ ਲੁੱਟ ਲਏ। ਇਸ ਘਟਨਾ ਦੀ ਵੀਡੀਓ ਵੀ ਸ਼ੋਸਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 

ਦੱਸਣਯੋਗ ਹੈ ਕਿ ਇਹ ਘਟਨਾ ਰਾਜਧਾਨੀ ਦਿੱਲੀ ਦੇ ਜਗਤਪੁਰੀ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ 'ਛੋਟੇ' ਨਾਂ ਦੇ ਇਕ ਸ਼ਖਸ ਨੇ ਅੰਬਾਂ ਦੀ ਰੇਹੜੀ ਲਾਈ ਹੋਈ ਸੀ। ਅੰਬ ਜਿਆਦਾ ਸੀ ਤਾਂ ਉਸ ਨੇ ਕੁਝ ਪੇਟੀਆਂ ਸੜਕ ਕਿਨਾਰੇ ਰੱਖੀਆਂ ਹੋਈਆ ਸੀ।

ਬੀਤੇ ਦਿਨ ਬੁੱਧਵਾਰ ਭਾਵ 20 ਮਈ ਨੂੰ ਉੱਥੇ ਕੁਝ ਲੋਕਾਂ ਦੀ ਲੜਾਈ ਹੋਈ। ਲੜਾਈ ਵੱਧਦੀ ਦੇਖ ਕੇ ਫਲ ਵੇਚਣ ਵਾਲੇ ਸ਼ਖਸ ਛੋਟੇ ਨੇ ਉੱਥੋ ਰੇਹੜੀ ਹਟਾਉਣੀ ਸਹੀ ਸਮਝੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਕੁਝ ਸਮੇਂ ਬਾਅਦ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਵਾਲਾ ਹੈ। ਜਿਵੇਂ ਹੀ ਫਲ ਵੇਚਣ ਵਾਲੇ ਸ਼ਖਸ ਨੇ ਰੇਹੜੀ ਅੱਗੇ ਵਧਾਈ ਤਾਂ ਉੱਥੇ ਖੜੇ ਲੋਕਾਂ ਨੇ ਸੜਕ ਕਿਨਾਰੇ ਪਈਆਂ ਪੇਟੀਆਂ 'ਚੋਂ ਅੰਬ ਚੋਰੀ ਕਰਨੇ ਸ਼ੁਰੂ ਕਰ ਦਿੱਤੇ।

ਦੱਸਿਆ ਜਾਂਦਾ ਹੈ ਕਿ ਅੰਬ ਦੀਆਂ 15 ਪੇਟੀਆਂ 'ਚੋਂ ਲਗਭਗ 30 ਹਜ਼ਾਰ ਰੁਪਏ ਦਾ ਮਾਲ ਸੀ, ਜਿਸ ਨੂੰ ਲੋਕਾਂ ਨੇ ਲੁੱਟ ਲਿਆ। ਇਸ ਘਟਨਾ ਦੀਆਂ ਕੁਝ ਵੀਡੀਓ ਅਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੇਖਿਆ ਗਿਆ ਹੈ ਕਿ ਕਿੰਝ ਲੋਕਾਂ ਨੇ ਇਕ ਰੇਹੜੀ ਵਾਲੇ ਤੋਂ ਅੰਬ ਲੁੱਟੇ ਹਨ।

Iqbalkaur

This news is Content Editor Iqbalkaur