ਦਿੱਲੀ 'ਚ ਲਿਵ-ਇਨ ਪਾਰਟਨਰ ਦਾ ਕਤਲ ਕਰਨ ਪਿੱਛੋਂ ਭੱਜਿਆ ਦੋਸ਼ੀ ਪੰਜਾਬ 'ਚ ਕਾਬੂ

12/03/2022 11:35:57 AM

ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਰਾਜਧਾਨੀ ਦੇ ਤਿਲਕ ਨਗਰ ਇਲਾਕੇ 'ਚ ਆਪਣੀ ਲਿਵ-ਇਨ ਪਾਰਟਨਰ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਸ਼ੁੱਕਰਵਾਰ ਨੂੰ ਪੰਜਾਬ ਦੇ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸਪੈਸ਼ਲ ਸੀਪੀ ਕ੍ਰਾਈਮ ਰਵਿੰਦਰ ਯਾਦਵ ਅਨੁਸਾਰ,''2 ਦਸੰਬਰ 2022 ਨੂੰ ਕ੍ਰਾਈਮ ਬਰਾਂਚ ਦੀ ਇਕ ਟੀਮ ਨੇ ਦੋਸ਼ੀ ਮਨਪ੍ਰੀਤ ਸਿੰਘ (45) ਅਤੇ ਸੰਗਮ ਅਪਾਰਟਮੈਂਟ, ਪੱਛਮੀ ਵਿਹਰ ਈਸਟ, ਨਵੀਂ ਦਿੱਲੀ ਵਾਸੀ ਨੂੰ ਉਸ ਦੇ ਜੱਦੀ ਪਿੰਡ ਅਲੀਪੁਰ, ਚਿੰਤਾਵਾਲਾ, ਨਾਭਾ ਤੋਂ ਗ੍ਰਿਫ਼ਤਾਰ ਕੀਤਾ।'' ਦੋਸ਼ੀ ਰੇਖਾ ਰਾਣੀ ਦੇ ਕਤਲ ਦੇ ਮਾਮਲੇ 'ਚ ਲੋਂੜੀਦਾ ਸੀ। ਇਸ ਸੰਬੰਧ 'ਚ ਇਕ ਦਸੰਬਰ 2022 ਨੂੰ ਥਾਣਾ ਤਿਲਕ ਨਗਰ 'ਚ ਆਈ.ਪੀ.ਸੀ. ਦੀ ਧਾਰਾ 302/201 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਅਨੁਸਾਰ, ਦੋਸ਼ੀ ਉਸ ਦਾ ਕਤਲ ਕਰਨ ਤੋਂ ਬਾਅਦ ਆਪਣੀ ਕਾਰ 'ਚ ਪੰਜਾਬ ਦੌੜ ਗਿਆ। ਉਹ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਤਕਨੀਕੀ ਨਿਗਰਾਨੀ ਰੱਖੀ ਗਈ ਅਤੇ ਵਿਸ਼ੇਸ਼ ਤਕਨੀਕੀ ਜਾਂਚ ਦੀ ਮਦਦ ਨਾਲ ਦੋਸ਼ੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਸ਼ੀ ਨੂੰ ਪੰਜਾਬ 'ਚ ਲੱਭ ਲਿਆ ਗਿਆ।

ਇਹ ਵੀ ਪੜ੍ਹੋ : ਮੌਲਾਨਾ ਬਦਰੂਦੀਨ ਦੇ ਵਿਵਾਦਿਤ ਬੋਲ- ਹਿੰਦੂ ਗੈਰ ਕਾਨੂੰਨੀ ਢੰਗ ਨਾਲ ਰੱਖਦੇ ਹਨ 2-3 ‘ਪਤਨੀਆਂ’

ਦੋਸ਼ੀ ਦੀ ਕਾਰ ਨੂੰ ਟੋਲ ਨਾਕੇ ਤੋਂ ਟ੍ਰੈਕ ਕੀਤਾ ਗਿਆ ਅਤੇ ਦੋਸ਼ੀ ਨੂੰ ਪੰਜਾਬ 'ਚ ਉਸ ਦੇ ਜੱਦੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਨੂੰ ਸੀ.ਆਰ.ਪੀ.ਸੀ. ਦੀ ਧਾਰਾ 41.1 (ਡੀ) ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਪਹਿਲਾਂ ਵੀ 7 ਗੰਭੀਰ ਮਾਮਲਿਆਂ 'ਚ ਸ਼ਾਮਲ ਹੈ, ਜਿਨ੍ਹਾਂ 'ਚ ਫਿਰੌਤੀ ਲਈ ਅਗਵਾ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਆਦਿ ਸ਼ਾਮਲ ਹਨ। ਮੌਜੂਦਾ ਮਾਮਲਾ ਤਿਲਕ ਨਗਰ, ਦਿੱਲੀ ਦੇ ਗਣੇਸ਼ ਨਗਰ ਵਾਸੀ ਰੇਖਾ ਰਾਣੀ ਦੀ ਧੀ ਦੇ ਬਿਆਨ 'ਤੇ ਦਰਜ ਕੀਤਾ ਗਿਆ ਸੀ। ਦਿੱਲੀ ਪੁਲਸ ਅਨੁਸਾਰ, ਉਸ ਨੇ ਦੱਸਿਆ ਕਿ ਉਹ 10ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਆਪਣੀ ਮਾਂ ਅਤੇ ਚਾਚਾ ਮਨਪ੍ਰੀਤ ਨਾਲ ਰਹਿੰਦੀ ਹੈ। ਉਸ ਦਾ ਮਾਈਗ੍ਰੇਨ ਦਾ ਇਲਾਜ ਚੱਲ  ਰਿਹਾ ਹੈ। ਇਕ ਦਸੰਬਰ ਨੂੰ ਜਦੋਂ ਉਹ ਸਵੇਰੇ 6 ਵਜੇ ਉੱਠੀ ਤਾਂ ਉਸ ਦੇ ਚਾਚਾ ਮਨਪ੍ਰੀਤ ਨੇ ਉਸ ਨੂੰ ਗੋਲੀਆਂ ਦਿੱਤੀਆਂ ਅਤੇ ਸੌਂਣ ਲਈ ਕਿਹਾ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਮਨਪ੍ਰੀਤ ਤੋਂ ਮਾਂ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਉਹ ਬਜ਼ਾਰ ਗਈ ਸੀ। ਉਸ ਨੇ ਇਸ ਘਟਨਾ ਬਾਰੇ ਆਪਣੇ ਚਚੇਰੇ ਭਰਾ ਨੂੰ ਫੋਨ ਕੀਤਾ ਅਤੇ ਪੱਛਮੀ ਵਿਹਾਰ 'ਚ ਆਪਣੇ ਚਚੇਰੇ ਭਰਾ ਘਰ ਚੱਲੀ ਗਈ। ਉਨ੍ਹਾਂ ਨੇ ਮਦਦ ਲਈ ਪੁਲਸ ਨੂੰ ਫੋਨ ਕੀਤਾ ਅਤੇ ਆਪਣੇ ਗਣੇਸ਼ ਨਗਰ ਸਥਿਤ ਘਰ ਨੂੰ ਬੰਦ ਦੇਖਿਆ। ਉਸ ਨੇ ਅੱਗੇ ਕਿਹਾ ਕਿ ਮਨਪ੍ਰੀਤ ਅਤੇ ਉਸ ਦੀ ਮਾਂ ਵਿਚਾਲੇ ਕੁਝ ਸਮੇਂ ਤੋਂ ਪੈਸਿਆਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਉਸ ਨੂੰ ਸ਼ੱਕ ਹੈ ਕਿ ਮਨਪ੍ਰੀਤ ਨੇ ਉਸ ਦੀ ਮਾਂ ਨੂੰ ਨੁਕਸਾਨ ਪਹੁੰਚਾਇਆ ਹੈ। ਪੁਲਸ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੀ ਮਾਂ ਨੂੰ ਮ੍ਰਿਤਕ ਦੇਖਿਆ। ਸਥਾਨਕ ਪੁਲਸ ਮੌਕੇ 'ਤੇ ਪਹੁੰਚੀ ਅਤੇ ਵੇਖਿਆ ਕਿ ਰੇਖਾ ਦੇ ਸਰੀਰ ਅਤੇ ਉਸ ਦੇ ਚਿਹਰੇ ਤੇ ਗਰਦਨ 'ਤੇ ਕਈ ਸੱਟਾਂ ਦੇ ਨਿਸ਼ਾਨ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha