ਘਰ ''ਚ ਸੌਂ ਰਹੀ ਲੜਕੀ ਦੇ ਚਿਹਰੇ ''ਤੇ ਨੌਜਵਾਨ ਨੇ ਕੀਤਾ ਤੇਜ਼ਾਬ ਨਾਲ ਹਮਲਾ

06/19/2017 2:18:49 PM

ਬਰੇਲੀ— ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ 'ਚ ਬੀਤੀ ਰਾਤ ਨੂੰ ਘਰ 'ਚ ਸੌਂ ਰਹੀ 12 ਸਾਲਾ ਲੜਕੀ ਦੇ ਚਿਹਰੇ 'ਤੇ ਘਰ 'ਚ ਵੜ ਕੇ ਇਕ ਨੌਜਵਾਨ ਨੇ ਤੇਜ਼ਾਬ ਪਾ ਦਿੱਤਾ। ਬੱਚੀ ਦੀ ਹਾਲਤ ਗੰਭੀਰ ਹੈ। ਪੁਲਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਜ਼ਿਲੇ ਦੇ ਸ਼ਾਹੀ ਥਾਣਾ ਖੇਤਰ ਦੇ ਠਿਰੀਆ ਕਲਿਆਣਪੁਰ ਪਿੰਡ ਨਿਵਾਸੀ ਕਿਸਾਨ ਰੋਸ਼ਨ ਲਾਲ ਐਤਵਾਰ ਨੂੰ ਆਪਣੀ ਪਤਨੀ ਦੇ ਨਾਲ ਕਿਸੇ ਰਿਸ਼ਤੇਦਾਰ ਦੇ ਘਰ ਵਿਆਹ 'ਚ ਗਿਆ ਸੀ। ਘਰ 'ਚ ਦੋ ਵੱਡੀਆਂ ਧੀਆਂ ਅਤੇ ਛੋਟਾ ਪੁੱਤਰ ਸੀ। ਉਨ੍ਹਾਂ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਸਾਰੇ ਸੌਂ ਰਹੇ ਸੀ ਤਾਂ ਘਰ 'ਚ ਵੜ ਕੇ ਇਕ ਨੌਜਵਾਨ ਨੇ ਛੋਟੀ ਧੀ ਸੋਮਵਤੀ (12) 'ਤੇ ਤੇਜ਼ਾਬ ਪਾ ਦਿੱਤਾ। ਜਲਨ ਦੇ ਕਾਰਨ ਸੋਮਵਤੀ ਦੀ ਚੀਖ ਸੁਣ ਕੇ ਉਸ ਦੀ ਵੱਡੀ ਭੈਣ ਅਤੇ ਚਾਚਾ ਓਮਕਾਰ ਉਸ ਦੇ ਕੋਲ ਪਹੁੰਚੇ। ਸੋਮਵਤੀ ਦੇ ਪੂਰੇ ਚਿਹਰੇ 'ਤੇ ਤੇਜ਼ਾਬ ਸੀ। ਸਰੀਰ ਦਾ ਹੋਰ ਹਿੱਸਾ ਵੀ ਤੇਜ਼ਾਬ ਦੀ ਲਪੇਟ 'ਚ ਆ ਚੁੱਕਾ ਸੀ। ਓਮਕਾਰ ਨੇ ਫੋਨ 'ਤੇ ਤੁਰੰਤ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਕੁਝ ਹੀ ਦੇਰ 'ਚ ਪੁਲਸ ਉੱਥੇ ਪਹੁੰਚੀ ਅਤੇ ਲੜਕੀ ਨੂੰ ਐਂਬੂਲੈਂਸ 'ਤੇ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ। ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਸੁਪਰਡੈਂਟ ਗਰਗ ਨੇ ਦੱਸਿਆ ਕਿ ਲੜਕੀ ਤੇਜ਼ਾਬ ਸੁੱਟਣ ਵਾਲੇ ਨੂੰ ਪਛਾਣ ਨਹੀਂ ਸਕੀ। ਮੌਕੇ 'ਤੇ ਇਕ ਕੱਚ ਦੇ ਗਿਲਾਸ 'ਚ ਕੁਝ ਤੇਜ਼ਾਬ ਮਿਲਿਆ ਹੈ। ਅਣਜਾਣ ਨੌਜਵਾਨ ਦੇ ਖਿਲਾਫ ਰਿਪੋਰਟ ਦਰਜ ਕੀਤੀ ਗਈ ਹੈ।